
ਚੰਡੀਗੜ੍ਹ, 11 ਅਗਸਤ (ਹਿੰ.ਸ.)| ਚੰਡੀਗੜ੍ਹ ਦੇ ਸਕੂਲਾਂ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਢਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਇਹ ਧਮਕੀ ਭਰੀ ਈ-ਮੇਲ 11 ਅਗਸਤ ਦੀ ਸਵੇਰ ਕਰੀਬ 7:50 ਵਜੇ ਭੇਜੀ ਗਈ। ਈ-ਮੇਲ ਵਿੱਚ ਚੰਡੀਗੜ੍ਹ ਦੇ ਸਕੂਲਾਂ, ਪੁਲਿਸ ਥਾਣਿਆਂ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਈ-ਮੇਲ ਵਿੱਚ ਲੋਕਾਂ ਨੂੰ 15 ਅਗਸਤ ਦੇ ਸਮਾਗਮਾਂ ਤੋਂ ਦੂਰ ਰਹਿਣ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਥਾਣਿਆਂ ’ਤੇ 15 ਅਗਸਤ ਤੱਕ ਗ੍ਰੇਨੇਡ ਹਮਲੇ ਕਰਨ ਦੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਧਮਕੀ ਵਾਲੀ ਈ-ਮੇਲ ਵਿੱਚ ਚੰਡੀਗੜ੍ਹ ਦੇ ਚਾਰ ਸਕੂਲਾਂ ਦੇ ਨਾਮ ਦਰਜ ਹਨ। ਜਿਨ੍ਹਾਂ ’ਚ ਕਰਮਲ ਕਾਨਵੈਂਟ ਸਕੂਲ, ਸੈਕਟਰ-9ਬੀ, ਸੇਂਟ ਜੌਨਜ਼ ਹਾਈ ਸਕੂਲ, ਸੈਕਟਰ-26, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-26, ਸੇਂਟ ਸਟੀਫਨਜ਼ ਸਕੂਲ, ਸੈਕਟਰ-45ਬੀ ਅਤੇ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ, ਵਾਈਸ ਚਾਂਸਲਰ ਦਫ਼ਤਰ ਅਤੇ ਗਾਂਧੀ ਭਵਨ ਦਾ ਵੀ ਈ-ਮੇਲ ਵਿੱਚ ਜ਼ਿਕਰ ਕੀਤਾ ਗਿਆ ਹੈ।ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ। ਪੁਲਿਸ ਟੀਮਾਂ ਦੇ ਨਾਲ ਬੰਬ ਜਾਂਚ ਦਸਤੇ ਅਤੇ ਡੌਗ ਸਕੁਐਡ ਨੇ ਚਾਰੇ ਸਕੂਲਾਂ ਵਿੱਚ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਸਕੂਲਾਂ ਦੇ ਅੰਦਰਲੇ ਹਿੱਸਿਆਂ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ, ਜਾਂਚ ਦੌਰਾਨ ਕਿਸੇ ਵੀ ਸਕੂਲ ਵਿੱਚੋਂ ਬੰਬ ਜਾਂ ਕੋਈ ਹੋਰ ਸ਼ੱਕੀ ਵਸਤੂ ਨਹੀਂ ਮਿਲੀ।ਧਮਕੀ ਭਰੀ ਈ-ਮੇਲ ਵਿੱਚ ਖਾਲਿਸਤਾਨ ਦੀ ਮੰਗ ਦੇ ਸਮਰਥਨ ਵਿੱਚ ਨਾਅਰੇ ਵੀ ਲਿਖੇ ਗਏ ਹਨ। ਈ-ਮੇਲ ਵਿੱਚ ਚੰਡੀਗੜ੍ਹ ਨੂੰ ਖਾਲਿਸਤਾਨ ਦਾ ਹਿੱਸਾ ਬਣਾਉਣ ਸਬੰਧੀ ਦਾਅਵੇ ਕੀਤੇ ਗਏ ਹਨ। ਇਸ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਧਾਰਮਿਕ ਭਾਈਚਾਰਿਆਂ ਸਬੰਧੀ ਇਤਰਾਜ਼ਯੋਗ ਸਮੱਗਰੀ ਵੀ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਈ-ਮੇਲ ਦੇ ਅੰਤ ਵਿੱਚ ਕੁਝ ਵਿਅਕਤੀਆਂ ਦੇ ਨਾਮ ਅਤੇ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨਾਲ ਜੁੜੇ ਵਿਅਕਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ।ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਧਮਕੀ ਵਾਲੀ ਈ-ਮੇਲ ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ। ਈ-ਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਧਮਕੀ ਅਸਲ ਹੈ ਜਾਂ ਡਰ ਦਾ ਮਾਹੌਲ ਪੈਦਾ ਕਰਨ ਲਈ ਕਿਸੇ ਵੱਲੋਂ ਭੇਜੀ ਗਈ ਹੈ।ਚੰਡੀਗੜ੍ਹ ਵਿੱਚ ਇਸ ਤੋਂ ਪਹਿਲਾਂ ਵੀ ਸਕੂਲਾਂ ਅਤੇ ਸਰਕਾਰੀ ਤੇ ਜਨਤਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਸਕੂਲਾਂ ਤੋਂ ਇਲਾਵਾ ਹਾਈਕੋਰਟ, ਜ਼ਿਲ੍ਹਾ ਅਦਾਲਤ, ਬੱਸ ਸਟੈਂਡ, ਪਾਸਪੋਰਟ ਦਫ਼ਤਰ ਅਤੇ ਪੰਜਾਬ ਸਕੱਤਰੇਤ ਵਰਗੀਆਂ ਥਾਵਾਂ ਨੂੰ ਵੀ ਪਹਿਲਾਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਫਿਲਹਾਲ ਤਾਜ਼ਾ ਧਮਕੀ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH