
ਚੰਡੀਗੜ੍ਹ, 12 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੇਂਡੂ ਖੇਤਰਾਂ ਨੂੰ ਰੌਸ਼ਨ ਕਰਨ ਲਈ 470 ਕਰੋੜ ਰੁਪਏ ਦੀ ਲਾਗਤ ਨਾਲ 3 ਲੱਖ ਨਵੀਆਂ ਐਲਈਡੀ ਆਧਾਰਿਤ ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਪੰਜਾਬ ਭਵਨ ਵਿਖੇ ਚੁਣੀਆਂ ਗਈਆਂ ਸੱਤ ਏਜੰਸੀਆਂ ਨੂੰ ਵਰਕ ਆਰਡਰ ਸੌਂਪਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪ੍ਰੋਜੈਕਟ ਦੀ ਕੁੱਲ ਲਾਗਤ ਦਾ 70 ਫੀਸਦੀ ਹਿੱਸਾ ਖਰਚ ਕਰੇਗੀ, ਜਦਕਿ ਬਾਕੀ 30 ਫੀਸਦੀ ਰਕਮ ਗ੍ਰਾਮ ਪੰਚਾਇਤਾਂ ਵੱਲੋਂ ਦਿੱਤੀ ਜਾਵੇਗੀ। ਪਹਿਲਾਂ ਇਹ ਅਨੁਪਾਤ 30:70 ਸੀ, ਜਿਸ ਨੂੰ ਬਦਲ ਕੇ ਪੰਚਾਇਤਾਂ ’ਤੇ ਵਿੱਤੀ ਬੋਝ ਘਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ 62.51 ਫੀਸਦੀ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। ਪਿੰਡਾਂ ਦੀਆਂ ਹਨੇਰੀਆਂ ਗਲੀਆਂ ਕਾਰਨ ਹਾਦਸਿਆਂ ਅਤੇ ਅਪਰਾਧ ਦਾ ਖਤਰਾ ਵਧਦਾ ਹੈ। ਸੋਲਰ ਲਾਈਟਾਂ ਨਾਲ ਖਾਸ ਤੌਰ ’ਤੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਸੂਰਜ ਡੁੱਬਣ ਤੋਂ ਬਾਅਦ ਆਰਥਿਕ ਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ।
ਪੰਜਾਬ ਊਰਜਾ ਵਿਕਾਸ ਏਜੰਸੀ ਇਸ ਪ੍ਰੋਜੈਕਟ ਦੀ ਨੋਡਲ ਏਜੰਸੀ ਹੋਵੇਗੀ। ਨਵੀਆਂ ਲਾਈਟਾਂ ਲਗਾਉਣ ਦੇ ਨਾਲ ਮੌਜੂਦਾ ਲਾਈਟਾਂ ਦੀ ਮੁਰੰਮਤ ਅਤੇ ਨਵੀਨੀਕਰਨ ਵੀ ਕੀਤਾ ਜਾਵੇਗਾ। ਰੱਖ-ਰਖਾਅ ਦੀ ਮਿਆਦ ਪੰਜ ਸਾਲ ਤੋਂ ਵਧਾ ਕੇ ਸੱਤ ਸਾਲ ਕਰ ਦਿੱਤੀ ਗਈ ਹੈ। ਹਰੇਕ ਲਾਈਟ ਦੀ ਜੀਓ-ਟੈਗਿੰਗ, ਵਿਲੱਖਣ ਪਛਾਣ, ਕਿਉਆਰ ਕੋਡ, ਆਈਵੀਆਰਐਸ ਆਧਾਰਿਤ ਸ਼ਿਕਾਇਤ ਪ੍ਰਣਾਲੀ ਅਤੇ ਰਿਮੋਟ ਮੋਨੀਟਰਿੰਗ ਦੀ ਵਿਵਸਥਾ ਹੋਵੇਗੀ। ਖਰਾਬ ਲਾਈਟਾਂ ਦੀ 72 ਘੰਟਿਆਂ ਅੰਦਰ ਮੁਰੰਮਤ ਯਕੀਨੀ ਬਣਾਉਣ ਲਈ ਆਟੋਮੈਟਿਕ ਏਐਮਸੀ ਅਲਰਟ ਜਾਰੀ ਹੋਣਗੇ।
ਪਿੰਡਾਂ ਦੀ ਫਿਰਨੀ, ਸਕੂਲਾਂ, ਆਂਗਣਵਾੜੀ ਕੇਂਦਰਾਂ, ਸਰਕਾਰੀ ਸਿਹਤ ਕੇਂਦਰਾਂ, ਧਾਰਮਿਕ ਸਥਾਨਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਲਾਈਟਾਂ ਲਗਾਉਣ ਵਿੱਚ ਤਰਜੀਹ ਦਿੱਤੀ ਜਾਵੇਗੀ। ਪ੍ਰੋਜੈਕਟ ਦਾ 50 ਫੀਸਦੀ ਕੰਮ 120 ਦਿਨਾਂ ਅਤੇ ਬਾਕੀ ਕੰਮ 180 ਦਿਨਾਂ ਅੰਦਰ ਪੂਰਾ ਕਰਨਾ ਲਾਜ਼ਮੀ ਹੋਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH