
ਬਟਾਲਾ, 12 ਅਗਸਤ (ਹਿੰ.ਸ.)| ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਲੈ ਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ’ਤੇ ਲਗਾਏ ਗਏ ਦੋਸ਼ਾਂ ’ਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਆਪਣੀ ਅੰਦਰੂਨੀ ਧੜੇਬੰਦੀ ਅਤੇ ਆਪਸੀ ਕਲੇਸ਼ ਨੂੰ ਸੰਭਾਲਣ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਆਪਣੀ ਸਿਆਸੀ ਬੇਚੈਨੀ ਨੂੰ ਛੁਪਾਉਣ ਲਈ ਆਰ.ਐੱਸ.ਐੱਸ. ’ਤੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਦੇ ਵਿਰੋਧੀ ਧੜੇ ਨਾਲ ਜੁੜੇ ਆਗੂਆਂ ਨੂੰ ‘ਆਰ.ਐੱਸ.ਐੱਸ. ਦੇ ਚਮਚੇ’ ਜਾਂ ‘ਏਜੰਟ’ ਕਹਿਣਾ ਬੇਬੁਨਿਆਦ ਬਿਆਨਬਾਜ਼ੀ ਹੈ।
ਗਿੱਲ ਨੇ ਰਾਜਾ ਵੜਿੰਗ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਲੀਡਰਸ਼ਿਪ ਕੋਲ ਆਰ.ਐੱਸ.ਐੱਸ. ਨਾਲ ਸਬੰਧਾਂ ਬਾਰੇ ਕੋਈ ਪੁਖ਼ਤਾ ਸਬੂਤ ਹਨ ਤਾਂ ਉਹ ਤੁਰੰਤ ਪੰਜਾਬ ਦੇ ਲੋਕਾਂ ਸਾਹਮਣੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਬੂਤ ਨਹੀਂ ਹਨ ਤਾਂ ਬਿਨਾਂ ਤੱਥਾਂ ਦੇ ਦੋਸ਼ ਲਗਾਉਣ ਤੋਂ ਗੁਰੇਜ਼ ਕਰਦਿਆਂ ਆਪਣੇ ਬਿਆਨ ਵਾਪਸ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਠੀਕਰਾ ਆਰ.ਐੱਸ.ਐੱਸ. ਸਿਰ ਭੰਨਣਾ ਆਪਣੀਆਂ ਸਿਆਸੀ ਕਮਜ਼ੋਰੀਆਂ ਨੂੰ ਛੁਪਾਉਣ ਦਾ ਆਸਾਨ ਤਰੀਕਾ ਹੈ। ਪੰਜਾਬ ਦੇ ਲੋਕ ਹੁਣ ਅਜਿਹੀ ਬਹਾਨੇਬਾਜ਼ੀ ਅਤੇ ਗੁਮਰਾਹਕੁੰਨ ਰਾਜਨੀਤੀ ਨੂੰ ਸਮਝ ਚੁੱਕੇ ਹਨ।
ਗਿੱਲ ਨੇ ਕਿਹਾ ਕਿ ਆਰ.ਐੱਸ.ਐੱਸ. ਦੇ ਸਵੈਮਸੇਵਕ ਲੰਮੇ ਸਮੇਂ ਤੋਂ ਸਮਾਜ ਸੇਵਾ, ਰਾਸ਼ਟਰੀ ਏਕਤਾ ਅਤੇ ਦੇਸ਼ ਹਿੱਤ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਆਪਣੀ ਅੰਦਰੂਨੀ ਲੜਾਈ ਪਾਰਟੀ ਦੇ ਅੰਦਰ ਹੀ ਲੜਨੀ ਚਾਹੀਦੀ ਹੈ ਅਤੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਆਰ.ਐੱਸ.ਐੱਸ. ਨੂੰ ਵਿਚਕਾਰ ਨਹੀਂ ਲਿਆਉਣਾ ਚਾਹੀਦਾ।
ਹਿੰਦੂਸਥਾਨ ਸਮਾਚਾਰ / GURSHARAN SINGH