ਜਲੰਧਰ ਵਿੱਚ ਡਬਲ ਮਰਡਰ, ਪੁੱਤਰ ਨੇ ਪਿਤਾ ਤੇ ਪਤਨੀ ਦੀ ਕੀਤੀ ਹੱਤਿਆ
ਜਲੰਧਰ, 12 ਅਗਸਤ (ਹਿੰ.ਸ.)| ਜਲੰਧਰ ਦੇ ਅਵਤਾਰ ਨਗਰ ਇਲਾਕੇ ਵਿੱਚ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੇ ਪਿਤਾ ਅਤੇ ਪਤਨੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ
ਮ੍ਰਿਤਕ ਹੀਰਾ ਲਾਲ ਦੀ ਫਾਈਲ ਫੋਟੋ।


ਜਲੰਧਰ, 12 ਅਗਸਤ (ਹਿੰ.ਸ.)| ਜਲੰਧਰ ਦੇ ਅਵਤਾਰ ਨਗਰ ਇਲਾਕੇ ਵਿੱਚ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੇ ਪਿਤਾ ਅਤੇ ਪਤਨੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਭਾਲ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ 42 ਸਾਲਾ ਹੀਰਾ ਲਾਲ ਵਜੋਂ ਹੋਈ ਹੈ। ਉਸ ਨੇ ਆਪਣੇ 65 ਸਾਲਾ ਪਿਤਾ ਅਯੋਧਿਆ ਪ੍ਰਕਾਸ਼ ਅਤੇ 38 ਸਾਲਾ ਪਤਨੀ ਸਰਿਤਾ ਦੀ ਕਥਿਤ ਤੌਰ ’ਤੇ ਹੱਤਿਆ ਕੀਤੀ। ਪੁਲਿਸ ਮੁਤਾਬਕ ਮੁਲਜ਼ਮ ਦੇ ਚਾਰ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਦੇ ਵਿਚਕਾਰ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 10 ਵਜੇ ਮੁਲਜ਼ਮ ਦੇ ਚਾਰੇ ਬੱਚੇ ਸਕੂਲ ਚਲੇ ਗਏ ਸਨ। ਇਸ ਤੋਂ ਬਾਅਦ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ’ਤੇ ਕ੍ਰਿਕਟ ਬੈਟ ਅਤੇ ਜਗ ਨਾਲ ਕਈ ਵਾਰ ਕੀਤੇ ਗਏ। ਦੋਵਾਂ ਦੇ ਸਿਰ, ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।ਦੁਪਹਿਰ ਕਰੀਬ 3 ਵਜੇ ਜਦੋਂ ਚਾਰੇ ਬੱਚੇ ਸਕੂਲ ਤੋਂ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ। ਘਰ ਅੰਦਰ ਖੂਨ ਖਿੱਲਰਿਆ ਹੋਇਆ ਸੀ ਅਤੇ ਉਨ੍ਹਾਂ ਦੀ ਮਾਂ ਤੇ ਦਾਦਾ ਦੀਆਂ ਲਾਸ਼ਾਂ ਪਈਆਂ ਸਨ। ਇਹ ਦੇਖ ਕੇ ਬੱਚੇ ਉੱਚੀ-ਉੱਚੀ ਰੋਣ ਲੱਗ ਪਏ। ਬੱਚਿਆਂ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਸਮੇਂ ਮੁਲਜ਼ਮ ਦੀ ਬਜ਼ੁਰਗ ਮਾਂ ਉੱਪਰਲੇ ਕਮਰੇ ਵਿੱਚ ਮੌਜੂਦ ਸੀ। ਚੱਲਣ-ਫਿਰਣ ਵਿੱਚ ਅਸਮਰੱਥ ਹੋਣ ਕਾਰਨ ਉਹ ਹੇਠਾਂ ਨਹੀਂ ਆਈ ਅਤੇ ਸੁਰੱਖਿਅਤ ਮਿਲੀ।ਪਰਿਵਾਰਕ ਮੈਂਬਰਾਂ ਵੱਲੋਂ ਮੁੱਢਲੀ ਜਾਣਕਾਰੀ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਲਈ ਅਕਸਰ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮੁਲਜ਼ਮ ਦੇ ਨਸ਼ੇ ਦਾ ਆਦੀ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ। ਘਰ ਵਿੱਚ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਅਤੇ ਹੱਤਿਆ ਦਾ ਅਸਲ ਕਾਰਨ ਕੀ ਸੀ, ਇਹ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਿਸ ਮੁਤਾਬਕ ਪਰਿਵਾਰ ਮੂਲ ਰੂਪ ਵਿੱਚ ਪ੍ਰਵਾਸੀ ਹੈ ਅਤੇ ਕਰੀਬ 30 ਸਾਲਾਂ ਤੋਂ ਅਵਤਾਰ ਨਗਰ ਵਿੱਚ ਰਹਿ ਰਿਹਾ ਹੈ। ਪਰਿਵਾਰ ਦਾ ਇੱਥੇ ਆਪਣਾ ਮਕਾਨ ਹੈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਵਾਰਦਾਤ ਦੀ ਸੂਚਨਾ ਮਿਲਦੇ ਹੀ ਏਡੀਸੀਪੀ-2 ਰਾਕੇਸ਼ ਯਾਦਵ, ਏਸੀਪੀ ਆਤਿਸ਼ ਭਾਟੀਆ ਅਤੇ ਐਸਐਚਓ ਜੈਇੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਏਡੀਸੀਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੈ। ਉਸ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande