ਮਲੇਰਕੋਟਲਾ ਦੀਆਂ ਧੀਆਂ ਨੂੰ ਆਜ਼ਾਦੀ ਦਿਹਾੜੇ ਦਾ ਤੋਹਫ਼ਾ, ਪੰਜ-ਮੰਜ਼ਿਲਾ ਸਰਕਾਰੀ ਸਕੂਲ ਦੀ ਇਮਾਰਤ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਉਦਘਾਟਨ
ਮਲੇਰਕੋਟਲਾ, 12 ਅਗਸਤ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਮਲੇਰਕੋਟਲਾ ਵਿਖੇ ਲੜਕੀਆਂ ਲਈ ਨਵੀਂ ਪੰਜ-ਮੰਜ਼ਿਲਾ ਸਰਕਾਰੀ ਸਕੂਲ ਇਮਾਰਤ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਦੀਆਂ ਧੀਆਂ ਲਈ ਆਜ਼ਾਦੀ ਦਿਹਾੜੇ ਦਾ ਵਿਸ਼ੇਸ਼ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ
ਪੰਜ-ਮੰਜ਼ਿਲਾ ਸਰਕਾਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਾਲ ਮੁਹੰਮਦ ਜਮੀਲ ਉਰ ਰਹਿਮਾਨ।


ਮਲੇਰਕੋਟਲਾ, 12 ਅਗਸਤ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਮਲੇਰਕੋਟਲਾ ਵਿਖੇ ਲੜਕੀਆਂ ਲਈ ਨਵੀਂ ਪੰਜ-ਮੰਜ਼ਿਲਾ ਸਰਕਾਰੀ ਸਕੂਲ ਇਮਾਰਤ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਦੀਆਂ ਧੀਆਂ ਲਈ ਆਜ਼ਾਦੀ ਦਿਹਾੜੇ ਦਾ ਵਿਸ਼ੇਸ਼ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ ਨਵੀਂ ਇਮਾਰਤ ਨਾਲ ਮਲੇਰਕੋਟਲਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਲੜਕੀਆਂ ਨੂੰ ਘਰਾਂ ਦੇ ਨੇੜੇ ਹੀ ਮਿਆਰੀ ਅਤੇ ਆਧੁਨਿਕ ਸਿੱਖਿਆ ਦੀ ਸਹੂਲਤ ਮਿਲੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਪ੍ਰਵਾਨਿਤ ਲਾਗਤ 6.39 ਕਰੋੜ ਰੁਪਏ ਸੀ, ਜਦਕਿ ਇਮਾਰਤ ਨੂੰ 6.34 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਇਸ ਤਰ੍ਹਾਂ ਸਰਕਾਰੀ ਖ਼ਜ਼ਾਨੇ ਦੇ 5.25 ਲੱਖ ਰੁਪਏ ਦੀ ਬੱਚਤ ਹੋਈ ਹੈ। ਕਰੀਬ 54 ਹਜ਼ਾਰ ਵਰਗ ਫੁੱਟ ਵਿੱਚ ਬਣੀ ਪੰਜ-ਮੰਜ਼ਿਲਾ ਇਮਾਰਤ ਵਿੱਚ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਕਾਮਨ ਰੂਮ, ਵਾਸ਼ਰੂਮ, ਆਰ.ਓ. ਸਿਸਟਮ, ਵਾਟਰ ਫਿਲਟਰ ਅਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਮਾਰਤ ਦੇ ਉਦਘਾਟਨ ਮਗਰੋਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਸੀ ਅਤੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਸਿੱਖਿਆ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਸੂਬੇ ਵਿੱਚ ਦਿਖਾਈ ਦੇ ਰਹੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਮਾਰਟ ਸਕੂਲਾਂ ਦੇ ਨਾਂ ’ਤੇ ਸਿਰਫ਼ ਇਮਾਰਤਾਂ ਨੂੰ ਰੰਗ-ਰੋਗਨ ਕੀਤਾ ਜਾਂਦਾ ਸੀ, ਜਦਕਿ ਮੌਜੂਦਾ ਸਰਕਾਰ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਆਧੁਨਿਕ ਵਿਦਿਅਕ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਰਿਹਾ ਹੈ।

ਮੁੱਖ ਮੰਤਰੀ ਨੇ ਮਲੇਰਕੋਟਲਾ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸ਼ਹਿਰ ਭਾਈਚਾਰਕ ਸਾਂਝ ਅਤੇ ਧਾਰਮਿਕ ਸਦਭਾਵਨਾ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਮਲੇਰਕੋਟਲਾ ਦੇ ਨਵਾਬ ਵੱਲੋਂ ਹਾਅ ਦਾ ਨਾਅਰਾ ਮਾਰਨਾ ਪੰਜਾਬ ਦੀ ਸਾਂਝੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ। ਇਸ ਇਤਿਹਾਸਕ ਸ਼ਹਿਰ ਦਾ ਵਿਕਾਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਭਾਜਪਾ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੰਡ ਪਾਊ ਅਤੇ ਨਫ਼ਰਤ ਵਾਲੀ ਰਾਜਨੀਤੀ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਪੰਜਾਬ ਦੇ ਲੋਕ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਪੰਜਾਬੀਆਂ ਨੂੰ ਭਾਈਚਾਰਕ ਸਾਂਝ ਅਤੇ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ।

ਭਗਵੰਤ ਸਿੰਘ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ’ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਕੂਲਾਂ ਅਤੇ ਹਸਪਤਾਲਾਂ ਦਾ ਨਿਰਮਾਣ ਕਰਨ, ਸੜਕਾਂ ਬਣਾਉਣ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਨਜ਼ ਕਰਦਿਆਂ ਕਿਹਾ ਕਿ ਪੁਰਾਣੀ ਸਿਆਸੀ ਵਿਵਸਥਾ ਹੁਣ ਬਦਲ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਸਕੂਲ ਇਮਾਰਤ ਮਲੇਰਕੋਟਲਾ ਦੀਆਂ ਧੀਆਂ ਨੂੰ ਸਮਰਪਿਤ ਹੈ ਅਤੇ ਇਸ ਨਾਲ ਇਲਾਕੇ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਹੋਰ ਹੁਲਾਰਾ ਮਿਲੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande