ਮੋਹਾਲੀ: ਸੀਬੀਆਈ ਅਦਾਲਤ ਨੇ ਸਾਬਕਾ ਐਕਸੀਅਨ ਨੂੰ ਸੁਣਾਈ ਤਿੰਨ ਸਾਲ ਦੀ ਸਜ਼ਾ
ਮੋਹਾਲੀ, 12 ਅਗਸਤ (ਹਿੰ.ਸ.)| ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਰਕਾਰੀ ਰਕਮ ਦੇ ਗਬਨ ਦੇ ਮਾਮਲੇ ਵਿੱਚ ਪੀਡਬਲਯੂਡੀ (ਬੀਐਂਡਆਰ), ਮਾਨਸਾ ਦੇ ਤਤਕਾਲੀ ਐਗਜ਼ੀਕਿਊਟਿਵ ਇੰਜੀਨੀਅਰ ਜਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 50 ਹਜ਼ਾਰ ਰੁ
ਮੋਹਾਲੀ: ਸੀਬੀਆਈ ਅਦਾਲਤ ਨੇ ਸਾਬਕਾ ਐਕਸੀਅਨ ਨੂੰ ਸੁਣਾਈ ਤਿੰਨ ਸਾਲ ਦੀ ਸਜ਼ਾ


ਮੋਹਾਲੀ, 12 ਅਗਸਤ (ਹਿੰ.ਸ.)| ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਰਕਾਰੀ ਰਕਮ ਦੇ ਗਬਨ ਦੇ ਮਾਮਲੇ ਵਿੱਚ ਪੀਡਬਲਯੂਡੀ (ਬੀਐਂਡਆਰ), ਮਾਨਸਾ ਦੇ ਤਤਕਾਲੀ ਐਗਜ਼ੀਕਿਊਟਿਵ ਇੰਜੀਨੀਅਰ ਜਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 30 ਦਿਨ ਦੀ ਵਾਧੂ ਸਖ਼ਤ ਕੈਦ ਭੁਗਤਣੀ ਪਵੇਗੀ।ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਦੋਸ਼ੀ ਨੇ ਸਰਕਾਰੀ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਤੋਂ ਬਾਅਦ ਆਖ਼ਰਕਾਰ ਨਿੱਜੀ ਖਾਤੇ ਵਿੱਚ ਪਹੁੰਚਾਇਆ ਅਤੇ ਇਸ ਦੀ ਵਰਤੋਂ ਨਿੱਜੀ ਖਰਚਿਆਂ ਤੇ ਸੋਨਾ ਖਰੀਦਣ ਲਈ ਕੀਤੀ।ਜਗਿੰਦਰ ਸਿੰਘ ਖ਼ਿਲਾਫ਼ ਵਿਜੀਲੈਂਸ ਬਿਊਰੋ ਬਠਿੰਡਾ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਉਸ ’ਤੇ ਆਈਪੀਸੀ ਦੀ ਧਾਰਾ 409, 420 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਆਈਪੀਸੀ ਦੀ ਧਾਰਾ 409 ਤਹਿਤ ਦੋਸ਼ੀ ਕਰਾਰ ਦਿੱਤਾ, ਜਦਕਿ ਧਾਰਾ 420 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13(1)(d) ਸਹਿਤ 13(2) ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ।ਮਾਮਲਾ ਮਾਨਸਾ ਦੇ ਪਿੰਡ ਪੇਰੂ ਵਿੱਚ ਪੀਡਬਲਯੂਡੀ ਦੀ ਜ਼ਮੀਨ ਦੇ ਐਕਵਾਇਰ ਨਾਲ ਸਬੰਧਤ ਹੈ। ਇਹ ਜ਼ਮੀਨ ਤਲਵੰਡੀ ਸਾਬੋ ਥਰਮਲ ਪਾਵਰ ਪ੍ਰੋਜੈਕਟ ਲਈ ਐਕਵਾਇਰ ਕੀਤੀ ਗਈ ਸੀ। ਜ਼ਮੀਨ ਦੇ ਮੁਆਵਜ਼ੇ ਵਜੋਂ 56.79 ਲੱਖ ਰੁਪਏ ਦਾ ਚੈੱਕ ਲੈਂਡ ਐਕਵਾਇਰਮੈਂਟ ਕੁਲੈਕਟਰ-ਕਮ-ਏਡੀਸੀ, ਮਾਨਸਾ ਦੇ ਖਾਤੇ ਤੋਂ ਜਾਰੀ ਹੋਇਆ ਸੀ। ਇਹ ਰਕਮ ਪੀਡਬਲਯੂਡੀ (ਬੀਐਂਡਆਰ) ਦੇ ਐਗਜ਼ੀਕਿਊਟਿਵ ਇੰਜੀਨੀਅਰ ਦੇ ਸਰਕਾਰੀ ਖਾਤੇ ਵਿੱਚ ਜਮ੍ਹਾਂ ਹੋਈ ਸੀ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਣਾ ਸੀ।ਅਦਾਲਤੀ ਰਿਕਾਰਡ ਮੁਤਾਬਕ ਦੋਸ਼ ਸੀ ਕਿ ਜਗਿੰਦਰ ਸਿੰਘ ਨੇ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਦਸੰਬਰ 2008 ਵਿੱਚ ਕਰੀਬ 56 ਲੱਖ ਰੁਪਏ ਦੀ ਐੱਫਡੀਆਰ ਬਣਵਾ ਦਿੱਤੀ। ਬਾਅਦ ਵਿੱਚ ਦੋ ਡਿਮਾਂਡ ਡਰਾਫਟ ਰੱਦ ਹੋਣ ਕਾਰਨ 2.07 ਲੱਖ ਰੁਪਏ ਹੋਰ ਖਾਤੇ ਵਿੱਚ ਆ ਗਏ। ਇਨ੍ਹਾਂ ਰਕਮਾਂ ਦੀ ਕੈਸ਼ ਬੁੱਕ ਵਿੱਚ ਐਂਟਰੀ ਨਹੀਂ ਕੀਤੀ ਗਈ। ਵਿਆਜ ਸਮੇਤ ਜੂਨ 2009 ਤੱਕ ਇਹ ਰਕਮ 61.13 ਲੱਖ ਰੁਪਏ ਹੋ ਗਈ।15 ਜੁਲਾਈ 2009 ਨੂੰ 61.13 ਲੱਖ ਰੁਪਏ ਦੂਜੇ ਬੈਂਕ ਦੇ ਇੱਕ ਸਰਕਾਰੀ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਅਤੇ ਅਗਲੇ ਦਿਨ ਇਸ ਦੀ ਵੀ ਐੱਫਡੀਆਰ ਕਰਵਾ ਦਿੱਤੀ ਗਈ। ਅਗਸਤ 2011 ਵਿੱਚ ਐੱਫਡੀਆਰ ਸਮੇਂ ਤੋਂ ਪਹਿਲਾਂ ਭੁਨਾ ਲਈ ਗਈ, ਜਿਸ ਸਮੇਂ ਵਿਆਜ ਸਮੇਤ ਰਕਮ ਕਰੀਬ 69.49 ਲੱਖ ਰੁਪਏ ਹੋ ਚੁੱਕੀ ਸੀ।ਇਸ ਵਿੱਚੋਂ 4.50 ਲੱਖ ਰੁਪਏ ਨਕਦ ਕਢਵਾਏ ਗਏ, ਜਦਕਿ ਕਰੀਬ 64.90 ਲੱਖ ਰੁਪਏ ਦਾ ਚੈੱਕ ਜਗਿੰਦਰ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਦੇ ਨਾਮ ’ਤੇ ਚੱਲ ਰਹੇ ਨਿੱਜੀ ਐੱਚਡੀਐੱਫਸੀ ਬੈਂਕ ਖਾਤੇ ਵਿੱਚ ਟਰਾਂਸਫਰ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਸਰਕਾਰੀ ਰਕਮ ਨੂੰ ਵੱਖ-ਵੱਖ ਖਾਤਿਆਂ ਰਾਹੀਂ ਘੁਮਾ ਕੇ ਆਖ਼ਰਕਾਰ ਨਿੱਜੀ ਖਾਤੇ ਵਿੱਚ ਪਹੁੰਚਾਇਆ ਗਿਆ।ਅਦਾਲਤੀ ਰਿਕਾਰਡ ਮੁਤਾਬਕ ਨਿੱਜੀ ਖਾਤੇ ਵਿੱਚ ਰਕਮ ਆਉਣ ਤੋਂ ਬਾਅਦ ਅਕਤੂਬਰ 2011 ਵਿੱਚ ਤਿੰਨ ਵਾਰ 9.50-9.50 ਲੱਖ ਰੁਪਏ ਕਢਵਾਏ ਗਏ। ਇਸ ਤੋਂ ਬਾਅਦ ਇਸੇ ਖਾਤੇ ਰਾਹੀਂ ਸੋਨਾ ਖਰੀਦਿਆ ਗਿਆ। 20 ਅਕਤੂਬਰ ਨੂੰ 400 ਗ੍ਰਾਮ ਅਤੇ 850 ਗ੍ਰਾਮ ਸੋਨਾ ਖਰੀਦਿਆ ਗਿਆ, ਜਦਕਿ 21 ਅਕਤੂਬਰ ਨੂੰ 500 ਗ੍ਰਾਮ, 250 ਗ੍ਰਾਮ, 400 ਗ੍ਰਾਮ ਅਤੇ 600 ਗ੍ਰਾਮ ਸੋਨੇ ਦੇ ਬਿਸਕੁਟ ਖਰੀਦਣ ਲਈ ਇਸੇ ਨਿੱਜੀ ਖਾਤੇ ਤੋਂ ਭੁਗਤਾਨ ਕੀਤਾ ਗਿਆ। ਅਦਾਲਤ ਵਿੱਚ ਇਨ੍ਹਾਂ ਲੈਣ-ਦੇਣ ਨਾਲ ਸਬੰਧਤ ਬੈਂਕ ਰਿਕਾਰਡ, ਇਨਵੌਇਸ ਅਤੇ ਹੋਰ ਦਸਤਾਵੇਜ਼ ਵੀ ਪੇਸ਼ ਕੀਤੇ ਗਏ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande