
ਮੋਹਾਲੀ, 12 ਅਗਸਤ (ਹਿੰ.ਸ.)| ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਕਮਿਸ਼ਨਰ, ਫੂਡ ਤੇ ਡਰਗ ਐਡਮਿਨਿਸਟ੍ਰੇਸ਼ਨ, ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਰੌਸ਼ਨੀ ਵਿੱਚ ਮੈਥਨੌਲ (ਮਿਥਾਈਲ ਐਲਕੋਹਲ) ਦੀ ਗੈਰ-ਕਾਨੂੰਨੀ ਖਪਤ ਨੂੰ ਰੋਕਣ ਅਤੇ ਇਸ ਦੀ ਸਪਲਾਈ ਨੂੰ ਨਿਯਮਾਂ ਅਨੁਸਾਰ ਨਿਯੰਤਰਿਤ ਕਰਨ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਲੋੜੀਂਦੀ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਗੀਤਿਕਾ ਸਿੰਘ ਨੇ ਇੱਥੇ ਸਮੀਖਿਆ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਸਬੰਧੀ ਪੁਲਿਸ, ਆਬਕਾਰੀ ਤੇ ਕਰ ਵਿਭਾਗ, ਸਿਹਤ ਵਿਭਾਗ ਦੇ ਸਿਵਲ ਸਰਜਨ ਅਤੇ ਸਬੰਧਤ ਤਹਿਸੀਲਦਾਰ/ਨਾਇਬ-ਤਹਿਸੀਲਦਾਰਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਮੈਥਨੌਲ ਦੀ ਸਟੋਰੇਜ, ਵਿਕਰੀ ਅਤੇ ਸਪਲਾਈ ਸਬੰਧੀ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਆਇਜ਼ਨਜ਼ ਪੋਜ਼ੈਸ਼ਨ ਅਤੇ ਸੇਲਜ਼ ਨਿਯਮ, 2014 ਤਹਿਤ ਮੈਥਨੌਲ (ਮਿਥਾਈਲ ਐਲਕੋਹਲ) ਅਨੁਸੂਚੀ ਦੇ ਲੜੀ ਨੰਬਰ 67 ਵਿੱਚ ਦਰਜ ਜ਼ਹਿਰਾਂ ਵਿੱਚ ਸ਼ਾਮਲ ਹੈ। ਇਨ੍ਹਾਂ ਨਿਯਮਾਂ ਅਧੀਨ ਅਜਿਹੇ ਜ਼ਹਿਰਾਂ ਨੂੰ ਸਟੋਰ ਜਾਂ ਵੇਚਣ ਵਾਲੀਆਂ ਇਮਾਰਤਾਂ/ਸਥਾਨਾਂ ਦੀ ਨਿਰੀਖਣ ਅਤੇ ਪੜਤਾਲ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਗਠਿਤ ਕਮੇਟੀ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਹਰ ਛੇ ਮਹੀਨੇ ਬਾਅਦ ਸਬੰਧਤ ਸਟੋਰੇਜ ਅਤੇ ਵਿਕਰੀ ਵਾਲੇ ਸਥਾਨਾਂ ਦੀ ਚੈਕਿੰਗ ਕੀਤੀ ਜਾਵੇਗੀ। ਚੈਕਿੰਗ ਦੌਰਾਨ ਮੈਥਨੌਲ ਦੀ ਸਟੋਰੇਜ, ਰਿਕਾਰਡ, ਵਿਕਰੀ ਅਤੇ ਸਪਲਾਈ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨੂੰ ਵਿਸ਼ੇਸ਼ ਤੌਰ ’ਤੇ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੈਥਨੌਲ ਦੀ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਖਪਤ, ਸਟੋਰੇਜ ਜਾਂ ਸਪਲਾਈ ਨੂੰ ਰੋਕਣ ਲਈ ਨਿਯਮਾਂ ਅਨੁਸਾਰ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਉਲੰਘਣਾ ਸਾਹਮਣੇ ਆਉਣ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH