
ਪਟਿਆਲਾ, 12 ਅਗਸਤ (ਹਿੰ.ਸ.)| ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸਾਂ ਵਿੱਚ ਕੀਤੇ ਵਾਧੇ ਅਤੇ ਬੁਨਿਆਦੀ ਸਹੂਲਤਾਂ ਦੀਆਂ ਮੰਗਾਂ ਨੂੰ ਲੈ ਕੇ ਫੀਸ ਵਾਧੇ ਵਿਰੋਧੀ ਫਰੰਟ ਵੱਲੋਂ ਵੀਸੀ ਦਫ਼ਤਰ ਦੇ ਬਾਹਰ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੂੰ ਘੇਰ ਕੇ ਯੂਨੀਵਰਸਿਟੀ ਨਾਲ ਸਬੰਧਤ ਮੁੱਦਿਆਂ ’ਤੇ ਸਵਾਲ ਕੀਤੇ।ਵਿਦਿਆਰਥੀਆਂ ਨੇ ਮੰਤਰੀ ਤੋਂ ਪੁੱਛਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਕੀਤਾ ਵਾਅਦਾ ਹੁਣ ਤੱਕ ਕਿਉਂ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਵਾਅਦੇ ਅਨੁਸਾਰ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਹਰ ਸਾਲ 6 ਫੀਸਦੀ ਵਾਧਾ ਕਿਉਂ ਨਹੀਂ ਕੀਤਾ ਗਿਆ, ਇਸ ਬਾਰੇ ਵੀ ਜਵਾਬ ਮੰਗਿਆ ਗਿਆ।ਫਰੰਟ ਨੇ ਮੰਗ ਕੀਤੀ ਕਿ ਹੋਸਟਲਾਂ ਅਤੇ ਵੱਖ-ਵੱਖ ਕੋਰਸਾਂ ਦੀਆਂ ਵਧਾਈਆਂ ਗਈਆਂ ਫੀਸਾਂ ਤੁਰੰਤ ਵਾਪਸ ਲਈਆਂ ਜਾਣ ਅਤੇ ਯੂਨੀਵਰਸਿਟੀ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ।ਵਿਦਿਆਰਥੀ ਆਗੂਆਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਵੱਲੋਂ ਹੋਸਟਲ ਅਤੇ ਵਿਭਾਗੀ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਹੋਸਟਲ ਫੀਸਾਂ ਵਿੱਚ ਲਗਭਗ 30 ਤੋਂ 42 ਫੀਸਦੀ ਤੱਕ ਅਤੇ ਵਿਭਾਗੀ ਫੀਸਾਂ ਵਿੱਚ 10 ਤੋਂ 657 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਫਿਲਮ ਮੇਕਿੰਗ ਵਿਭਾਗ ਦੀ ਫੀਸ 16 ਹਜ਼ਾਰ ਰੁਪਏ ਤੋਂ ਵਧਾ ਕੇ 1.22 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਐਮਬੀਏ (ਇੰਟਰਨੈਸ਼ਨਲ ਬਿਜ਼ਨਸ) ਦੀ ਫੀਸ 2.63 ਲੱਖ ਤੋਂ ਵਧਾ ਕੇ 2.90 ਲੱਖ ਰੁਪਏ, ਐਮਪੀਟੀ ਦੀ ਫੀਸ 1.48 ਲੱਖ ਰੁਪਏ ਅਤੇ ਬੀ.ਟੈਕ ਦੀ ਫੀਸ 1.29 ਲੱਖ ਰੁਪਏ ਕਰ ਦਿੱਤੀ ਗਈ ਹੈ।ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਸਿੱਖਿਆ ਕੋਈ ਅਜਿਹੀ ਵਸਤੂ ਨਹੀਂ ਹੈ ਜਿਸ ਨੂੰ ਖਰੀਦਿਆ ਜਾਂ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਹਰ ਵਿਅਕਤੀ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਵਿਦਿਆਰਥੀ ਆਗੂਆਂ ਮੁਤਾਬਕ ਪੰਜਾਬੀ ਯੂਨੀਵਰਸਿਟੀ ਦਾ ਇਸ ਸਾਲ ਦਾ ਕੁੱਲ ਬਜਟ 732 ਕਰੋੜ ਰੁਪਏ ਹੈ। ਇਸ ਵਿੱਚ 397 ਕਰੋੜ ਰੁਪਏ ਸਰਕਾਰੀ ਗ੍ਰਾਂਟ ਵਜੋਂ ਮਿਲਦੇ ਹਨ, ਜਦਕਿ ਲਗਭਗ 240 ਕਰੋੜ ਰੁਪਏ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਇਕੱਠੇ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਸਿਰ 150 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ’ਤੇ ਹਰ ਸਾਲ ਕਰੀਬ 14 ਕਰੋੜ ਰੁਪਏ ਵਿਆਜ ਅਦਾ ਕੀਤਾ ਜਾਂਦਾ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫ਼ ਕਰਨ ਦੇ ਐਲਾਨ ਦੇ ਬਾਵਜੂਦ ਇਹ ਕਰਜ਼ਾ ਅਜੇ ਤੱਕ ਮੁਆਫ਼ ਨਹੀਂ ਕੀਤਾ ਗਿਆ।ਫਰੰਟ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਹਿਲੇ ਦਿਨ ਪੀਐੱਸਯੂ ਤੋਂ ਵਕਸ਼ਿਤ ਗਰਗ, ਐੱਸਐੱਫਆਈ ਤੋਂ ਰਮਨਦੀਪ ਸਿੰਘ, ਪੀਐੱਸਐੱਫ ਤੋਂ ਗਗਨ, ਏਆਈਐੱਸਐੱਫ ਤੋਂ ਰਾਹੁਲ, ਪੀਐੱਸਯੂ (ਲ) ਤੋਂ ਹਰਪੀਤ ਸਿੰਘ, ਡੀਐੱਸਓ ਤੋਂ ਪਾਰਸ, ਅਗਰਗਾਮੀ ਤੋਂ ਵਿਕਾਸ ਅਦਮ ਅਤੇ ਪੀਆਰਐੱਸਯੂ ਤੋਂ ਕੇਸ਼ਵ ਨੇ ਸੰਬੋਧਨ ਕੀਤਾ। ਵਿਦਿਆਰਥੀ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਵੀਸੀ ਦਫ਼ਤਰ ਦੇ ਬਾਹਰ ਪੱਕਾ ਧਰਨਾ ਜਾਰੀ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH