
ਚੰਡੀਗੜ੍ਹ, 12 ਅਗਸਤ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਬੀਤੇ ਦਿਨੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਗਿਆਨ ਕੇਂਦਰ ਵੱਲੋਂ 12 ਅਗਸਤ ਨੂੰ ਪਠਾਨਕੋਟ ਲਈ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, ਜਦਕਿ ਚੰਡੀਗੜ੍ਹ ਵਿੱਚ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 17 ਅਗਸਤ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।ਪੰਜਾਬ ਦੇ ਪਠਾਨਕੋਟ, ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਪਠਾਨਕੋਟ ਦੇ ਥੀਨ ਡੈਮ ਵਿੱਚ ਸਭ ਤੋਂ ਵੱਧ 46 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਕੇ.ਵੀ.ਕੇ. ਪਠਾਨਕੋਟ ਵਿੱਚ 18 ਮਿਲੀਮੀਟਰ, ਭਾਖੜਾ ਡੈਮ (ਰੂਪਨਗਰ) ਵਿੱਚ 5.5 ਮਿਲੀਮੀਟਰ ਅਤੇ ਮੋਹਾਲੀ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।ਚੰਡੀਗੜ੍ਹ ਵਿੱਚ 2.5 ਮਿਲੀਮੀਟਰ, ਜਦਕਿ ਏਅਰਪੋਰਟ ’ਤੇ 4.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 2.5 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ ਅਤੇ ਇਹ ਆਮ ਨਾਲੋਂ 2.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਇਲਾਕੇ ਵਿੱਚ ਮਾਨਸੂਨ ਦੀ ਟਰਫ ਸਰਗਰਮ ਹੈ, ਜਿਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਦੌਰ ਜਾਰੀ ਹੈ। ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਆ ਰਹੀਆਂ ਹਨ। ਇਸ ਦੇ ਪ੍ਰਭਾਵ ਹੇਠ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਥਾਵਾਂ ’ਤੇ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।ਦੱਖਣ-ਪੂਰਬੀ ਹਿਮਾਚਲ ਪ੍ਰਦੇਸ਼ ਉੱਪਰ ਬਣਿਆ ਉੱਪਰੀ ਹਵਾ ਦਾ ਚੱਕਰਵਾਤੀ ਸਰਕੂਲੇਸ਼ਨ ਹੁਣ ਕਮਜ਼ੋਰ ਹੋ ਗਿਆ ਹੈ, ਜਿਸ ਕਾਰਨ ਇਸ ਦਾ ਪ੍ਰਭਾਵ ਘੱਟ ਹੋਇਆ ਹੈ। ਹਾਲਾਂਕਿ ਮਾਨਸੂਨ ਟਰਫ ਅਤੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH