
ਅੰਮ੍ਰਿਤਸਰ, 13 ਅਗਸਤ (ਹਿੰ.ਸ.)| ਤਰਸਿੱਕਾ ਥਾਣਾ ਪੁਲਿਸ ਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਤਿੰਨ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਥਾਣਾ ਤਰਸਿੱਕਾ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਮੁਤਾਬਕ ਏਐਸਆਈ ਨਰਿੰਦਰਪਾਲ ਸਿੰਘ ਪੁਲਿਸ ਟੀਮ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਟੀਮ ਹਾਈਵੇ ਤੋਂ ਪਿੰਡ ਮੁੱਛਲ ਵੱਲ ਜਾ ਰਹੀ ਸੀ। ਰਸਤੇ ਵਿੱਚ ਪੁਲਿਸ ਨੂੰ ਬਿਨਾਂ ਨੰਬਰ ਵਾਲੀ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਦਿਖਾਈ ਦਿੱਤੇ। ਪੁਲਿਸ ਨੂੰ ਦੇਖਦੇ ਹੀ ਦੋਵੇਂ ਉਥੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।ਪੁੱਛਗਿੱਛ ਦੌਰਾਨ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਸਿਕੰਦਰ ਸਿੰਘ ਵਾਸੀ ਕਲਰ ਮੁਹੱਲਾ, ਗਹਿਰੀ ਮੰਡੀ, ਪਿੱਛੇ ਬੈਠੇ ਨੌਜਵਾਨ ਨੇ ਆਪਣੀ ਪਛਾਣ ਅਵਿਨਾਸ਼ ਕੁਮਾਰ ਉਰਫ਼ ਕਾਲੂ ਵਾਸੀ ਰੇਲਵੇ ਕਲੋਨੀ, ਗਹਿਰੀ ਮੰਡੀ ਵਜੋਂ ਦੱਸੀ।ਪੁਲਿਸ ਨੇ ਸਿਕੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੀ ਡੱਬ ਵਿੱਚੋਂ ਬਿਨਾਂ ਮੈਗਜ਼ੀਨ ਵਾਲੀ ਇੱਕ ਪਿਸਤੌਲ ਬਰਾਮਦ ਹੋਈ। ਇਸੇ ਤਰ੍ਹਾਂ ਅਵਿਨਾਸ਼ ਕੁਮਾਰ ਦੀ ਤਲਾਸ਼ੀ ਦੌਰਾਨ ਉਸ ਦੀ ਡੱਬ ਵਿੱਚੋਂ ਦੋ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਮਿਲੇ।ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਹ ਪਿਸਤੌਲ ਸਿਕੰਦਰ ਸਿੰਘ ਨੇ ਕਿਸੇ ਅਣਪਛਾਤੇ ਵਿਅਕਤੀ ਨੂੰ ਵੇਚਣ ਲਈ ਦਿੱਤੇ ਸਨ। ਜਾਂਚ ਦੌਰਾਨ ਸਿਕੰਦਰ ਸਿੰਘ ਉਰਫ਼ ਘੁੱਗੀ ਪੁੱਤਰ ਪਾਲ ਸਿੰਘ, ਵਾਸੀ ਗਹਿਰੀ ਮੰਡੀ ਦਾ ਨਾਮ ਵੀ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ ਤਿੰਨ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਵਾਲੀ ਸਿਲਵਰ ਰੰਗ ਦੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੀ ਹੈ। ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਤਰਸਿੱਕਾ ਪੁਲਿਸ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਹ ਕਿਸ ਵਿਅਕਤੀ ਨੂੰ ਵੇਚੇ ਜਾਣੇ ਸਨ, ਇਸ ਬਾਰੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH