
ਫਾਜਿਲਕਾ, 13 ਅਗਸਤ (ਹਿੰ.ਸ.)| ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਵੱਲੋਂ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਦੇ ਰੈਕ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਰੀਬ 27 ਰੈਕ ਬੇਲਰ ਮਾਲਕਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਕੁਲਵੰਤ ਸਿੰਘ ਨੇ ਸਮੂਹ ਰੈਕ ਬੇਲਰ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਰੈਕ ਬੇਲਰ ਜ਼ਿਲ੍ਹਾ ਫਾਜ਼ਿਲਕਾ ਦੀ ਹੱਦ ਅੰਦਰ ਹੀ ਚਲਾਉਣ ਅਤੇ ਪਰਾਲੀ ਪ੍ਰਬੰਧਨ ਸਬੰਧੀ ਕੰਮ ਜ਼ਿਲ੍ਹੇ ਵਿੱਚ ਹੀ ਕਰਨ। ਉਨ੍ਹਾਂ ਸਮੂਹ ਰੈਕ ਬੇਲਰਾਂ ’ਤੇ ਜੀਪੀਐਸ ਲਗਾਉਣ ਦੀ ਵੀ ਹਦਾਇਤ ਕੀਤੀ।ਮੀਟਿੰਗ ਦੌਰਾਨ ਰੈਕ ਬੇਲਰ ਮਾਲਕਾਂ ਨੇ ਆਪਣੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਜਾਣੂ ਕਰਵਾਇਆ। ਉਨ੍ਹਾਂ ਪਰਾਲੀ ਦੀਆਂ ਗੰਢਾਂ ਬਣਾਉਣ ਦੇ ਰੇਟ ਵਿੱਚ ਵਾਧਾ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਰੱਖੀ। ਬੇਲਰ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਜ਼ਿਲ੍ਹੇ ਅੰਦਰ ਹੀ ਕੰਮ ਕਰਨਗੇ ਅਤੇ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨਗੇ।ਡਾ. ਕੁਲਵੰਤ ਸਿੰਘ ਨੇ ਬੇਲਰ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਬਣਦੀ ਕਾਰਵਾਈ ਲਈ ਸਿਫ਼ਾਰਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਉਪਲਬਧਤਾ ਅਤੇ ਉਸ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਇਸ ਲਈ ਰੈਕ ਬੇਲਰ ਮਾਲਕਾਂ ਦਾ ਸਹਿਯੋਗ ਵਾਤਾਵਰਣ ਦੀ ਸੁਰੱਖਿਆ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੀਟਿੰਗ ਵਿੱਚ ਮਮਤਾ ਲੂਣਾ ਅਤੇ ਹਰਪ੍ਰੀਤ ਸਿੰਘ, ਜੂਨੀਅਰ ਤਕਨੀਸ਼ੀਅਨ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH