
ਪਟਿਆਲਾ, 13 ਅਗਸਤ (ਹਿੰ.ਸ.)| ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਡਾਇਰੈਕਟਰ ਜਨਰਲ ਅਨਿਰੁਧ ਤਿਵਾੜੀ ਨੇ ਕਿਹਾ ਕਿ ਇਮਾਨਦਾਰ ਮਿਹਨਤ ਦਾ ਕੋਈ ਬਦਲ ਨਹੀਂ ਹੁੰਦਾ। ਜੋ ਵਿਦਿਆਰਥੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਟੀਚੇ ਵੱਲ ਵਧਦੇ ਹਨ, ਉਹ ਅੰਤ ਵਿੱਚ ਜੀਵਨ ਵਿੱਚ ਸਫਲਤਾ ਹਾਸਲ ਕਰਦੇ ਹਨ।
ਉਹ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਵੱਲੋਂ ਪ੍ਰਧਾਨ ਅਜੈ ਅਲੀਪੁਰੀਆ ਦੀ ਅਗਵਾਈ ਹੇਠ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਰਵਾਏ ਸੈਮੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸੋਸਾਇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਉੱਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਕਰੀਬ 35 ਵਿਦਿਆਰਥੀ ਚਾਰਟਰਡ ਅਕਾਊਂਟੈਂਸੀ (ਸੀਏ) ਦੀ ਪੜ੍ਹਾਈ ਕਰ ਰਹੇ ਹਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਜੀਵਨ ਵਿੱਚ ਸਫਲ ਹੋਣ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਨਿਮਰਤਾ ਅਤੇ ਸ਼ੁਕਰਗੁਜ਼ਾਰੀ ਵਰਗੀਆਂ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਿਮਰਤਾ ਵਿਅਕਤੀ ਨੂੰ ਲਗਾਤਾਰ ਸਿੱਖਣ ਅਤੇ ਸਮਾਜ ਨੂੰ ਕੁਝ ਵਾਪਸ ਦੇਣ ਦੀ ਪ੍ਰੇਰਣਾ ਦਿੰਦੀ ਹੈ।
ਆਪਣੇ ਲੰਬੇ ਪ੍ਰਸ਼ਾਸਕੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਅਸਫਲਤਾ ਤੋਂ ਨਾ ਡਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਜੀਵਨ ਦਾ ਹਿੱਸਾ ਹਨ ਅਤੇ ਹਿੰਮਤ, ਸਖ਼ਤ ਮਿਹਨਤ ਤੇ ਉੱਚ ਸਿੱਖਿਆ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ।
ਤਿਵਾੜੀ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ ਅਤੇ ਸੋਸ਼ਲ ਮੀਡੀਆ ’ਤੇ ਬੇਲੋੜਾ ਸਮਾਂ ਬਰਬਾਦ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚੰਗੀਆਂ ਕਿਤਾਬਾਂ ਪੜ੍ਹਨ ਅਤੇ ਉਨ੍ਹਾਂ ਤੋਂ ਸਿੱਖਣ ਨੂੰ ਸਫਲਤਾ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਜਾਂ ਗਿਆਨ ਤੱਕ ਸੀਮਤ ਨਹੀਂ, ਸਗੋਂ ਇਹ ਵਿਅਕਤੀ ਨੂੰ ਇੱਕ ਬਿਹਤਰ ਇਨਸਾਨ ਬਣਾਉਣ ਵਿੱਚ ਵੀ ਸਹਾਇਤਾ ਕਰਦੀ ਹੈ।
ਇਸ ਮੌਕੇ ਅਜੈ ਅਲੀਪੁਰੀਆ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਘੱਟੋ-ਘੱਟ ਇੱਕ ਲੋੜਵੰਦ ਬੱਚੇ ਦੀ ਪੂਰੀ ਸਿੱਖਿਆ ਦਾ ਜ਼ਿੰਮਾ ਚੁੱਕੇ ਤਾਂ ਉਸ ਦੇ ਪੂਰੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ। ਸਮਾਗਮ ਵਿੱਚ ਅਨੁਰਾਧਾ ਅਲੀਪੁਰੀਆ, ਡਾ. ਗੁਰਪ੍ਰੀਤ ਸਿੱਧੂ, ਅਭਿਸ਼ੇਕ ਗੁਪਤਾ, ਸੀਏ ਗਿਤੇਸ਼, ਸੰਜੇ ਸਿੰਗਲਾ, ਰਾਜੀਵ ਸਿੰਗਲਾ, ਡਾ. ਬ੍ਰਿਜੇਸ਼ ਮੋਦੀ, ਰਮੇਸ਼ ਕੁਮਾਰ ਸਮਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH