
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਅਰਸ਼ਦੀਪ ਸਿੰਘ ਤੋਂ ਪ੍ਰੇਰਣਾ ਲੈਣ ਦੀ ਕੀਤੀ ਅਪੀਲਅੰਮ੍ਰਿਤਸਰ, 18 ਅਗਸਤ (ਹਿੰ.ਸ.)| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਦੀ ਏਅਰਫੋਰਸ ਵਿੱਚ ਫਲਾਈਟ ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਵਾਲੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਜਗਦੀਪ ਸਿੰਘ ਅਤੇ ਬੀਬੀ ਗਗਨਦੀਪ ਕੌਰ ਨੂੰ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਅਰਸ਼ਦੀਪ ਸਿੰਘ ਯੂਕੇ ਦੇ ਸਾਊਥਾਲ ਵਿੱਚ ਰਹਿੰਦੇ ਹਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਲੰਮੇ ਅਰਸੇ ਦੇ ਵਕਫ਼ੇ ਮਗਰੋਂ ਕਿਸੇ ਸਿੱਖ ਵੱਲੋਂ ਯੂਕੇ ਦੀ ਏਅਰਫੋਰਸ ਵਿੱਚ ਉੱਚ ਅਹੁਦਾ ਹਾਸਲ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਦੀ ਇਹ ਪ੍ਰਾਪਤੀ ਸਮੁੱਚੇ ਸਿੱਖ ਸਮਾਜ ਲਈ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦਿਆਂ ਵੀ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਸਿੱਖੀ ਦੀਆਂ ਪਰੰਪਰਾਵਾਂ ਅਤੇ ਪੰਜਾਬੀ ਮਾਤ-ਭਾਸ਼ਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤਾਂ ’ਤੇ ਚੱਲਦਿਆਂ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ।ਜਥੇਦਾਰ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਇਸ ਉਪਲਬਧੀ ਨਾਲ ਪੂਰੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਰਸ਼ਦੀਪ ਸਿੰਘ ਤੋਂ ਪ੍ਰੇਰਣਾ ਲੈਣ ਅਤੇ ਚੰਗੀ ਸਿੱਖਿਆ ਦੇ ਨਾਲ-ਨਾਲ ਸਖ਼ਤ ਮਿਹਨਤ ਕਰਕੇ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰਨ ਦੀ ਅਪੀਲ ਕੀਤੀ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਰਾਹੀਂ ਜੀਵਨ ਵਿੱਚ ਅੱਗੇ ਵਧਣ ਲਈ ਹਮੇਸ਼ਾ ਉਪਰਾਲਾ ਅਤੇ ਉਦਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਸਿੱਖ ਨੌਜਵਾਨਾਂ ਲਈ ਮਿਹਨਤ, ਲਗਨ ਅਤੇ ਸਫਲਤਾ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH