
ਕੈਨੇਡਾ ਦੇ ਓਂਟਾਰੀਓ ’ਚ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਪੰਜਾਬ ਦੇ ਪੋਸ਼ਣ ਮਾਡਲ ਅਤੇ ਨਿਰਯਾਤ ਸਮਰੱਥਾ ’ਤੇ ਚਰਚਾਚੰਡੀਗੜ੍ਹ, 18 ਅਗਸਤ (ਹਿੰ.ਸ.)| ਪੰਜਾਬ ਦੇ ਖੇਤੀਬਾੜੀ ਅਤੇ ਪੋਸ਼ਣ ਮਾਡਲ ਨੂੰ ਆਲਮੀ ਪੱਧਰ ’ਤੇ ਉਭਾਰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈਨੇਡਾ ਦੇ ਓਂਟਾਰੀਓ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਪੰਜਾਬ ਦੀਆਂ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਵਿਸ਼ਾਲ ਨਿਰਯਾਤ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ‘ਪੰਜਾਬ ਦੇ ਭੋਜਨ ਅਤੇ ਪੋਸ਼ਣ ਸੁਰੱਖਿਆ ਦਾ ਵਿਸ਼ਵੀਕਰਨ’ ਵਿਸ਼ੇ ’ਤੇ ਹੋਏ ਇਸ ਸੈਮੀਨਾਰ ਵਿੱਚ ਪੋਸ਼ਣ ਬਗੀਚੀਆਂ, ਆਂਗਣਵਾੜੀ ਪੋਸ਼ਣ ਵਾਟਿਕਾਵਾਂ ਅਤੇ ਖੇਤੀਬਾੜੀ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਓਂਟਾਰੀਓ ਸਰਕਾਰ ਦੀ ਵਪਾਰ ਵਿਕਾਸ ਮੰਤਰੀ ਨੀਨਾ ਤਾਂਗੜੀ ਅਤੇ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਪੋਸ਼ਣ ਬਗੀਚੀ ਅਤੇ ਆਂਗਣਵਾੜੀ ਪੋਸ਼ਣ ਵਾਟਿਕਾ ਵਰਗੀਆਂ ਪਹਿਲਕਦਮੀਆਂ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਮਾਵਾਂ ਦੀ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ 5,000 ਤੋਂ ਵੱਧ ਸਕੂਲਾਂ ਵਿੱਚ ਜੜ੍ਹੀ-ਬੂਟੀਆਂ, ਸਬਜ਼ੀਆਂ ਅਤੇ ਫਲਾਂ ਦੇ ਪੋਸ਼ਣ ਬਗੀਚੇ ਤਿਆਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਬਗੀਚਿਆਂ ਤੋਂ ਪ੍ਰਾਪਤ ਹੋਣ ਵਾਲੀ ਉਪਜ ਦੀ ਵਰਤੋਂ ਮਿਡ-ਡੇਅ ਮੀਲ ਵਿੱਚ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 0 ਤੋਂ 3 ਅਤੇ 3 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਆਂਗਣਵਾੜੀਆਂ ਵਿੱਚ ਪੋਸ਼ਣ ਵਾਟਿਕਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਸਰਦ ਰੁੱਤ ਦੀਆਂ ਸਬਜ਼ੀਆਂ ਗੁਣਵੱਤਾ ਪੱਖੋਂ ਬਹੁਤ ਵਧੀਆ ਹਨ ਅਤੇ ਇਨ੍ਹਾਂ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਨਿਰਯਾਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਉਤਪਾਦਾਂ ਨੂੰ ਇੰਡੋਨੇਸ਼ੀਆ, ਫਿਲੀਪੀਨਜ਼, ਜਾਪਾਨ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਬਾਜ਼ਾਰਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ ਦੇਸ਼ ਵਿੱਚ ਵਿਦੇਸ਼ੀ ਮੁਦਰਾ ਵੀ ਲਿਆਂਦੀ ਜਾ ਸਕਦੀ ਹੈ।ਓਂਟਾਰੀਓ ਦੀ ਮੰਤਰੀ ਨੀਨਾ ਤਾਂਗੜੀ ਨੇ ਪੰਜਾਬ ਅਤੇ ਓਂਟਾਰੀਓ ਵਿਚਕਾਰ ਫੂਡ ਪ੍ਰੋਸੈਸਿੰਗ, ਫੂਡ ਐਕਸਪੋਰਟ ਅਤੇ ਸਬਜ਼ੀਆਂ ਦੇ ਵਪਾਰ ਵਿੱਚ ਸਹਿਯੋਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸਥਿਤ ਪੈਗਰੋ ਫਰੋਜ਼ਨ ਫੂਡਜ਼ ਵੱਲੋਂ ਫਰੋਜ਼ਨ ਫਲਾਂ, ਬਰੋਕਲੀ, ਫੁੱਲ ਗੋਭੀ, ਗਾਜਰ ਅਤੇ ਆਲੂ ਦਾ 24 ਟਨ ਦਾ ਕੰਟੇਨਰ ਅਜ਼ਮਾਇਸ਼ੀ ਤੌਰ ’ਤੇ ਟੋਰਾਂਟੋ ਭੇਜਿਆ ਗਿਆ ਸੀ। ਉਤਪਾਦਾਂ ਦੀ ਗੁਣਵੱਤਾ ਵਧੀਆ ਰਹਿਣ ਕਾਰਨ ਦੁਬਾਰਾ ਆਰਡਰ ਮਿਲਿਆ ਹੈ।ਸੈਮੀਨਾਰ ਵਿੱਚ ਭਾਰਤ ਸਰਕਾਰ ਦੇ ਸਾਬਕਾ ਖੇਤੀਬਾੜੀ ਕਮਿਸ਼ਨਰ ਡਾ. ਗੁਰਬਚਨ ਸਿੰਘ ਨੇ ਨਕਦੀ ਫਸਲਾਂ, ਵਪਾਰਕ ਫਸਲਾਂ ਅਤੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਣਕ ਅਤੇ ਚੌਲਾਂ ਸਮੇਤ ਵੱਖ-ਵੱਖ ਫਸਲਾਂ ਵਿੱਚ ਜੈਵਿਕ-ਫੋਰਟੀਫਿਕੇਸ਼ਨ ਰਾਹੀਂ ਜ਼ਿੰਕ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਸੂਖਮ ਪੌਸ਼ਟਿਕ ਤੱਤ ਵਧਾਉਣ ਦੀ ਸਲਾਹ ਦਿੱਤੀ।ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਦੀ ਚੇਅਰਪਰਸਨ ਕੰਚਨ ਸ਼ਰਮਾ ਨੇ ਸਿਹਤਮੰਦ ਜੀਵਨ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਅਪਣਾਉਣ ਦੀ ਅਪੀਲ ਕੀਤੀ। ਫੂਡ ਸੇਫਟੀ ਅਫਸਰ ਸੌਰਵਦੀਪ ਅਤੇ ਕੁਆਲਿਟੀ ਕੰਟਰੋਲ ਮਾਹਿਰ ਕਮਲਜੀਤ ਸਿੰਘ ਸਿੱਧੂ ਨੇ ਭੋਜਨ ਦੀ ਗੁਣਵੱਤਾ ਅਤੇ ਬਿਹਤਰ ਪੈਕੇਜਿੰਗ ਮਿਆਰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਸੈਮੀਨਾਰ ਦੀ ਮੇਜ਼ਬਾਨੀ ਗਲੋਬਲ ਫੂਡ ਚੁਆਇਸ ਦੇ ਪ੍ਰਧਾਨ ਜਰਨੈਲ ਸਿੰਘ ਨੇ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH