
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਸੜਕ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਨਿਰਦੇਸ਼
ਮੋਹਾਲੀ, 19 ਅਗਸਤ (ਹਿੰ.ਸ.)| ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਸਮੀਖਿਆ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਸੜਕ ਹਾਦਸਿਆਂ ਦੀ ਰੋਕਥਾਮ ਲਈ ਬਲੈਕ ਸਪੋਟਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਨ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕਰਨ ’ਤੇ ਵੀ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਸੁਰੱਖਿਆ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨਗਰ ਨਿਗਮ ਅਤੇ ਗਮਾਡਾ ਨੂੰ ਪੁਲਿਸ ਨਾਲ ਮਿਲ ਕੇ ਸੜਕਾਂ ’ਤੇ ਜ਼ੈਬਰਾ ਕ੍ਰਾਸਿੰਗ, ਨੋ-ਪਾਰਕਿੰਗ ਸਾਈਨ ਬੋਰਡ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਬੋਰਡ ਆਦਿ ਨੂੰ ਸਪੱਸ਼ਟ ਰੂਪ ਵਿੱਚ ਲਗਾਉਣ ਦੇ ਨਿਰਦੇਸ਼ ਦਿੱਤੇ। ਟੁੱਟੀਆਂ ਰੇਲਿੰਗਾਂ ਦੀ ਮੁਰੰਮਤ ਅਤੇ ਲੋੜ ਅਨੁਸਾਰ ਨਵੀਆਂ ਰੇਲਿੰਗਾਂ ਲਗਾਉਣ ਲਈ ਵੀ ਕਿਹਾ ਗਿਆ।
ਐਨਐਚਏਆਈ, ਗਮਾਡਾ, ਬੀਐਂਡਆਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਬਲੈਕ ਸਪੋਟਾਂ ’ਤੇ ਟ੍ਰੈਫਿਕ ਲਾਈਟਾਂ, ਸਲਿੱਪ ਰੋਡ, ਸਰਵਿਸ ਲਾਈਨਾਂ ਅਤੇ ਹੋਰ ਲੋੜੀਂਦੇ ਕੰਮ ਤੁਰੰਤ ਮੁਕੰਮਲ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸੜਕਾਂ ’ਤੇ ਬਣੇ ਅਣਅਧਿਕਾਰਤ ਕੱਟ ਬੰਦ ਕਰਨ, ਰੇਹੜੀਆਂ-ਫੜ੍ਹੀਆਂ, ਨਾਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕਿੰਗ ਖ਼ਿਲਾਫ਼ ਲਗਾਤਾਰ ਚੈਕਿੰਗ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਬੱਸਾਂ ਦੀ ਵੱਧ ਤੋਂ ਵੱਧ ਚੈਕਿੰਗ ਕਰਨ ਅਤੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਨਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਦੱਸਿਆ ਗਿਆ ਕਿ 47 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 2 ਦੇ ਚਲਾਨ ਕੀਤੇ ਗਏ।
ਮੀਟਿੰਗ ਦੌਰਾਨ ਫ਼ਰਿਸ਼ਤੇ ਸਕੀਮ, ਹਿੱਟ ਐਂਡ ਰਨ, ਕੈਸ਼ਲੈੱਸ ਟ੍ਰੀਟਮੈਂਟ, ਰਾਹ-ਵੀਰ/ਗੁੱਡ ਸਮਾਰੀਟਨ, ਸੜਕ ਸੁਰੱਖਿਆ ਮਿੱਤਰ ਅਤੇ ਈ-ਡਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਡੀਸੀ ਨੇ ਦੱਸਿਆ ਕਿ ਹਾਦਸੇ ਦੇ ਪੀੜਤ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਫ਼ਰਿਸ਼ਤੇ ਸਕੀਮ ਤਹਿਤ 2,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਹਸਪਤਾਲਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੋਸਟਰ ਲਗਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਈ-ਡੀਏਆਰ ਪੋਰਟਲ ’ਤੇ ਹਾਦਸਿਆਂ ਦੀ ਤੁਰੰਤ ਰਿਪੋਰਟਿੰਗ ਅਤੇ ਹਿੱਟ ਐਂਡ ਰਨ ਦੇ ਲੰਬਿਤ ਮਾਮਲਿਆਂ ਦਾ ਜਲਦ ਨਿਪਟਾਰਾ ਕਰਨ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਮੌਤ ਦੇ ਮਾਮਲਿਆਂ ਵਿੱਚ 2 ਲੱਖ ਅਤੇ ਗੰਭੀਰ ਸੱਟਾਂ ਵਾਲੇ ਮਾਮਲਿਆਂ ਵਿੱਚ 50 ਹਜ਼ਾਰ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH