
46 ਮਹਿਲਾ ਬਾਈਕ ਰਾਈਡਰਾਂ ਨੇ ਲਿਆ ਉਤਸ਼ਾਹ ਨਾਲ ਹਿੱਸਾ
ਅੰਮ੍ਰਿਤਸਰ, 19 ਅਗਸਤ (ਹਿੰ.ਸ.)| ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਕਰਦਿਆਂ ਭਾਰਤੀ ਫੌਜ ਦੀ ਪੈਂਥਰ ਡਿਵੀਜ਼ਨ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ, ਵੀਰ ਨਾਰੀਆਂ ਦੀ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਲਈ ਮਹਿਲਾ ਬਾਈਕ ਰੈਲੀ ਕਰਵਾਈ ਗਈ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ। ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਐਫ.ਡਬਲਿਊ.ਓ. ਦੀ ਚੇਅਰਪਰਸਨ ਗੁਲਮੋਹਰ ਕੁਰਲ ਕਪੂਰ ਨੇ ਕੀਤੀ, ਜਦਕਿ ਵਾਈਸ ਚੇਅਰਪਰਸਨ ਸੰਤੋਸ਼ ਛਿੱਲਰ ਨੇ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੈਂਥਰ ਡਿਵੀਜ਼ਨ ਦੇ ਅਧਿਕਾਰੀਆਂ, ਜੇ.ਸੀ.ਓਜ਼ ਅਤੇ ਹੋਰ ਰੈਂਕਾਂ ਦੇ ਪਰਿਵਾਰਾਂ ਨਾਲ ਸਬੰਧਤ 46 ਮਹਿਲਾ ਬਾਈਕ ਰਾਈਡਰਾਂ ਨੇ ਪੂਰੇ ਉਤਸ਼ਾਹ ਅਤੇ ਜਜ਼ਬੇ ਨਾਲ ਰੈਲੀ ਵਿੱਚ ਸ਼ਮੂਲੀਅਤ ਕੀਤੀ।ਡੋਗਰਾਈ ਵਾਰ ਮੈਮੋਰੀਅਲ ਵਿਖੇ ਪਹੁੰਚਣ ’ਤੇ ਮਹਿਲਾ ਰਾਈਡਰਾਂ ਨੇ ਬੈਟਲ ਆਫ਼ ਡੋਗਰਾਈ ਦੌਰਾਨ ਦੇਸ਼ ਦੀ ਰੱਖਿਆ ਲਈ ਸਰਵਉੱਚ ਬਲਿਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦਾਂ ਦੀ ਬਹਾਦਰੀ, ਸ਼ੌਰਿਆ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਨਮਨ ਕੀਤਾ।ਇਸ ਮੌਕੇ ਮਹਿਲਾਵਾਂ ਨਾਲ ਵਿਸ਼ੇਸ਼ ਸੰਵਾਦ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਮਹਿਲਾ ਸਸ਼ਕਤੀਕਰਨ, ਆਤਮ-ਵਿਸ਼ਵਾਸ ਅਤੇ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵੀਰ ਨਾਰੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਹੌਂਸਲੇ, ਤਿਆਗ ਅਤੇ ਦ੍ਰਿੜਤਾ ਦੀ ਸ਼ਲਾਘਾ ਕੀਤੀ ਗਈ।ਇਹ ਰੈਲੀ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਨਾਲ-ਨਾਲ ਮਹਿਲਾਵਾਂ ਵਿੱਚ ਹੌਂਸਲੇ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਮਜ਼ਬੂਤ ਕਰਨ ਦਾ ਸਾਧਨ ਬਣੀ। ਸਮਾਗਮ ਦੌਰਾਨ ਦੇਸ਼ ਪ੍ਰਤੀ ਸਮਰਪਣ, ਏਕਤਾ ਅਤੇ ਰਾਸ਼ਟਰ ਸੇਵਾ ਦਾ ਸੰਕਲਪ ਲਿਆ ਗਿਆ। ਇਸ ਮੌਕੇ “ਟੂਗੈਦਰ ਵੀ ਕੈਨ, ਟੂਗੈਦਰ ਵੀ ਵਿੱਲ” ਦਾ ਸੰਦੇਸ਼ ਵੀ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH