31 ਅਕਤੂਬਰ ਤੱਕ ਅੰਮ੍ਰਿਤਸਰ ਦੇ 50 ਫੀਸਦੀ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਸ਼ੁਰੂ ਕਰਨ ਦਾ ਟੀਚਾ
ਏਡੀਸੀ ਸੁਰਿੰਦਰ ਸਿੰਘ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੰਪੋਸਟ ਪਿੱਟਾਂ ਤੇ ਸੈਗਰੀਗੇਸ਼ਨ ਸ਼ੈੱਡ ਬਣਾਉਣ ’ਤੇ ਜ਼ੋਰ ਅੰਮ੍ਰਿਤਸਰ, 19 ਅਗਸਤ (ਹਿੰ.ਸ.)| ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਚੱਲ ਰਹੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਸਬੰਧੀ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।


ਏਡੀਸੀ ਸੁਰਿੰਦਰ ਸਿੰਘ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੰਪੋਸਟ ਪਿੱਟਾਂ ਤੇ ਸੈਗਰੀਗੇਸ਼ਨ ਸ਼ੈੱਡ ਬਣਾਉਣ ’ਤੇ ਜ਼ੋਰ

ਅੰਮ੍ਰਿਤਸਰ, 19 ਅਗਸਤ (ਹਿੰ.ਸ.)| ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਚੱਲ ਰਹੇ ਠੋਸ ਕੂੜਾ ਪ੍ਰਬੰਧਨ ਦੇ ਕੰਮਾਂ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਤੇ ਕੂੜਾ-ਮੁਕਤ ਬਣਾਉਣ ਲਈ ਠੋਸ ਯੋਜਨਾ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 21 ਪਿੰਡਾਂ ਵਿੱਚ ਪਹਿਲਾਂ ਹੀ ਵੱਖ-ਵੱਖ ਤਰੀਕਿਆਂ ਰਾਹੀਂ ਠੋਸ ਕੂੜਾ ਪ੍ਰਬੰਧਨ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਵੇਸਟ ਕੁਲੈਕਟਰਾਂ ਰਾਹੀਂ ਕੂੜਾ ਇਕੱਤਰ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਪਿੰਡਾਂ ਵਿੱਚ ਕੰਪੋਸਟ ਪਿੱਟਾਂ ਬਣਾਉਣ ਅਤੇ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟਾਂ ਤਹਿਤ ਸੈਗਰੀਗੇਸ਼ਨ ਸ਼ੈੱਡ ਸਥਾਪਤ ਕਰਨ ਲਈ ਕਿਹਾ। ਇਨ੍ਹਾਂ ਕੰਮਾਂ ਲਈ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਦੀ ਵਰਤੋਂ ਕਰਨ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਹਰ ਪਿੰਡ ਵਿੱਚ ਵੇਸਟ ਕੁਲੈਕਟਰ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ’ਤੇ ਜ਼ੋਰ ਦਿੱਤਾ।

ਏਡੀਸੀ ਨੇ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਦੀ ਨਿਗਰਾਨੀ ਲਈ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਕਮੇਟੀਆਂ ਕੂੜਾ ਇਕੱਠਾ ਕਰਨ ਅਤੇ ਇਸ ਦੇ ਸਹੀ ਨਿਪਟਾਰੇ ਦੀ ਨਿਗਰਾਨੀ ਕਰਨ ਦੇ ਨਾਲ ਲੋਕਾਂ ਨੂੰ ਜਾਗਰੂਕ ਵੀ ਕਰਨਗੀਆਂ। ਉਨ੍ਹਾਂ ਕਿਹਾ ਕਿ ਘਰ-ਘਰ ਤੋਂ ਗਿੱਲਾ, ਸੁੱਕਾ, ਸੈਨੇਟਰੀ ਅਤੇ ਖਤਰਨਾਕ ਰਹਿੰਦ-ਖੂੰਹਦ ਵੱਖ-ਵੱਖ ਇਕੱਠਾ ਕਰਨਾ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜਿਸ ਨਾਲ ਕੂੜੇ ਦੀ ਮਾਤਰਾ ਘਟਾਉਣ ਦੇ ਨਾਲ ਇਸ ਦੀ ਮੁੜ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਫੀਲਡ ਸਟਾਫ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੂੰ ਪਿੰਡਾਂ ਦੀ ਸਫ਼ਾਈ ਅਤੇ ਕੂੜਾ ਪ੍ਰਬੰਧਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।

ਮੀਟਿੰਗ ਦੌਰਾਨ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਆਪਣੇ-ਆਪਣੇ ਬਲਾਕਾਂ ਦੇ ਵੱਧ ਤੋਂ ਵੱਧ ਪਿੰਡਾਂ ਵਿੱਚ ਇਹ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ। ਏਡੀਸੀ ਨੇ ਟੀਚਾ ਤੈਅ ਕੀਤਾ ਕਿ 31 ਅਕਤੂਬਰ 2026 ਤੱਕ ਜ਼ਿਲ੍ਹੇ ਦੇ ਕੁੱਲ 430 ਪਿੰਡਾਂ ਵਿੱਚੋਂ ਘੱਟੋ-ਘੱਟ 50 ਫੀਸਦੀ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣ। ਸੁਰਿੰਦਰ ਸਿੰਘ ਨੇ ਕਿਹਾ ਕਿ ਠੋਸ ਕੂੜਾ ਪ੍ਰਬੰਧਨ ਨੂੰ ਸਿਰਫ਼ ਸਰਕਾਰੀ ਪ੍ਰਾਜੈਕਟ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀਪੀਐੱਮ ਮਨੋਜ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ, ਵੱਖ-ਵੱਖ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦਾ ਫੀਲਡ ਸਟਾਫ਼, ਬੀ.ਆਰ.ਸੀ., ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande