
ਹੁਸ਼ਿਆਰਪੁਰ, 19 ਅਗਸਤ (ਹਿੰ.ਸ.)। ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਸਮੂਹ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ 27 ਅਗਸਤ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਸਕੂਲਾਂ ਵਿੱਚੋਂ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।
ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ਼.) ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ, ਜਨਰਲ ਸਕੱਤਰ ਜਸਵੀਰ ਤਲਵਾੜਾ, ਬੀ.ਐਡ. ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਆਗੂ ਬਹਾਦਰ ਸਿੰਘ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਧੂਤ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਅਧਿਆਪਕਾਂ ਦੇ ਇੱਕ ਵੱਡੇ ਵਫ਼ਦ ਨੇ ਡੀ.ਈ.ਓ. ਹਰਜਿੰਦਰ ਕੌਰ ਅਤੇ ਡਿਪਟੀ ਡੀ.ਈ.ਓ. ਅਮਨਦੀਪ ਸ਼ਰਮਾ ਨੂੰ 27 ਅਗਸਤ ਨੂੰ ਅਧਿਆਪਕਾਂ ਦੁਆਰਾ ਸਮੂਹਿਕ ਛੁੱਟੀ ਲੈਣ ਦਾ ਨੋਟਿਸ ਸੌਂਪਿਆ ਹੈ।
ਸਾਂਝਾ ਬਿਆਨ ਜਾਰੀ ਕਰਦੇ ਹੋਏ ਅਧਿਆਪਕ ਆਗੂਆਂ ਨੇ ਕਿਹਾ ਕਿ ਪੂਰਾ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ, 17-07-2020 ਅਤੇ 15-01-2015 ਦੇ ਮਾਰੂ ਪੱਤਰ ਨੂੰ ਰੱਦ ਕਰਨ, ਪੁਰਾਣੀ ਪੈਨਸ਼ਨ ਲਈ 2022 ਵਿੱਚ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ, ਪੇਂਡੂ ਭੱਤੇ ਸਮੇਤ ਕੱਟੇ ਸਾਰੇ ਭੱਤਿਆਂ ਦੀ ਬਹਾਲੀ ਕੀਤੀ ਜਾਵੇ ਅਤੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਆਦਿ ਮੰਗਾਂ ਦੇ ਪੂਰਾ ਕਰਵਾਉਣ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ। ਇਸ ਮੌਕੇ ਪ੍ਰਵੀਨ ਸ਼ੇਰਪੁਰ, ਨੰਦ ਰਾਮ, ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਰਜਿੰਦਰ ਹੇਜਮਾ, ਬਲਬੀਰ ਸਿੰਘ ਧਾਮੀ, ਹੰਸ ਰਾਜ, ਦਲਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ