
ਮੋਗਾ, 02 ਅਗਸਤ (ਹਿੰ.ਸ.)| ਮੋਗਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ 43 ਗ੍ਰਾਮ ਹੈਰੋਇਨ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਬਾਘਾਪੁਰਾਣਾ ਦੇ ਮੁਖੀ ਜਨਕ ਰਾਜ ਨੇ ਦੱਸਿਆ ਕਿ ਹੌਲਦਾਰ ਬਲਰਾਜ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੇ ਸੰਨੀ ਸਿੰਘ ਉਰਫ਼ ਨਿਗਰੋ ਅਤੇ ਸੁਖਵਿੰਦਰ ਸਿੰਘ ਉਰਫ਼ ਚੀਨੀ, ਦੋਵੇਂ ਵਾਸੀ ਚੰਦਪੁਰਾਣਾ, ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸੇ ਤਰ੍ਹਾਂ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਵੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ। ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਗਸ਼ਤ ਦੌਰਾਨ ਜਗਮੋਹਨ ਸਿੰਘ ਉਰਫ਼ ਵੀਰਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਗੁਰਸੇਵਕ ਸਿੰਘ ਉਰਫ਼ ਨਿੱਕਾ, ਵਾਸੀ ਪਿੰਡ ਪੱਤੋ ਹੀਰਾ ਸਿੰਘ, ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਇੱਕ ਹੋਰ ਕਾਰਵਾਈ ਵਿੱਚ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਗਸ਼ਤ ਦੌਰਾਨ ਹਰਮਨ ਸਿੰਘ ਉਰਫ਼ ਨਿੱਕਾ, ਵਾਸੀ ਪਿੰਡ ਤਲਵੰਡੀ ਭੰਗੇਰੀਆ, ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲਾ ਪਦਾਰਥ ਕਿੱਥੋਂ ਲਿਆਂਦਾ ਗਿਆ ਸੀ ਅਤੇ ਇਸ ਦੀ ਸਪਲਾਈ ਕਿਸ-ਕਿਸ ਤੱਕ ਕੀਤੀ ਜਾਣੀ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH