
ਜਲਾਲਾਬਾਦ, 22 ਅਗਸਤ (ਹਿੰ.ਸ.)| ਡੇਅਰੀ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜਲਾਲਾਬਾਦ ਅਤੇ ਸਕੂਲ ਆਫ਼ ਐਮੀਨੈਂਸ, ਜਲਾਲਾਬਾਦ ਵਿਖੇ ਸਕੂਲੀ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸਬੰਧੀ ਜਾਗਰੂਕ ਕਰਨ ਲਈ ਦੋ ਰੋਜ਼ਾ ਜਾਗਰੂਕਤਾ ਕੈਂਪ ਲਗਾਏ ਗਏ।
ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਾਜ਼ਿਲਕਾ ਰਣਦੀਪ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਕੈਂਪਾਂ ਵਿੱਚ ਸਕੂਲੀ ਬੱਚਿਆਂ ਅਤੇ ਸਟਾਫ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਰਣਦੀਪ ਕੁਮਾਰ ਨੇ ਦੁੱਧ ਅਤੇ ਸਾਫਟ ਡਰਿੰਕ ਦੀ ਤੁਲਨਾ ਕਰਦਿਆਂ ਸਾਫਟ ਡਰਿੰਕਸ ਦੇ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਡੇਅਰੀ ਵਿਕਾਸ ਇੰਸਪੈਕਟਰ ਰਮਨਦੀਪ ਕੁਮਾਰ ਨੇ ਦੁੱਧ ਵਿੱਚ ਹੋਣ ਵਾਲੀ ਮਿਲਾਵਟ ਅਤੇ ਨਕਲੀ ਦੁੱਧ ਦੀ ਪਛਾਣ ਸਬੰਧੀ ਜਾਣਕਾਰੀ ਦਿੱਤੀ, ਜਦਕਿ ਡੇਅਰੀ ਵਿਕਾਸ ਇੰਸਪੈਕਟਰ ਅਮਨਦੀਪ ਸਿੰਘ ਨੇ ਦੁੱਧ ਵਿੱਚ ਮੌਜੂਦ ਪੋਸ਼ਟਿਕ ਤੱਤਾਂ ਬਾਰੇ ਦੱਸਦਿਆਂ ਬੱਚਿਆਂ ਨੂੰ ਰੋਜ਼ਾਨਾ ਦੁੱਧ ਪੀਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਦੋਵਾਂ ਸਕੂਲਾਂ ਵੱਲੋਂ ਲਿਆਂਦੇ ਗਏ ਕੁੱਲ 93 ਦੁੱਧ ਦੇ ਨਮੂਨਿਆਂ ਦੀ ਜਾਂਚ ਕਰਕੇ ਉਨ੍ਹਾਂ ਦੀ ਰਿਪੋਰਟ ਦਿੱਤੀ ਗਈ। ਵਿਭਾਗ ਵੱਲੋਂ ਕੈਂਪ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਦੋਵਾਂ ਸਕੂਲਾਂ ਦੀਆਂ ਪ੍ਰਿੰਸੀਪਲਾਂ ਨੀਲਮ ਰਾਣੀ ਅਤੇ ਸੰਜੇ ਸਿੰਗਲਾ ਸਮੇਤ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਰਣਦੀਪ ਕੁਮਾਰ ਵੱਲੋਂ ਪ੍ਰਿੰਸੀਪਲ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH