ਕੈਲਗਰੀ ਦੇ ਦਸ਼ਮੇਸ਼ ਕਲਚਰ ਸੈਂਟਰ ਨੂੰ ਧਮਕੀ, ਗੁਰਦੁਆਰਾ ਸਾਹਿਬ ਦੀ ਸੁਰੱਖਿਆ ਵਧਾਈ
ਚੰਡੀਗੜ੍ਹ, 22 ਅਗਸਤ (ਹਿੰ.ਸ.)| ਕੈਨੇਡਾ ਦੇ ਕੈਲਗਰੀ ਸਥਿਤ ਪ੍ਰਮੁੱਖ ਸਿੱਖ ਧਾਰਮਿਕ ਅਸਥਾਨ ਦਸ਼ਮੇਸ਼ ਕਲਚਰ ਸੈਂਟਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਢਾਹੁਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਗਾਤਾਰ ਆ ਰਹੀਆਂ ਧਮਕੀ ਭਰੀਆਂ ਅਤੇ ਨਸਲੀ ਟਿੱਪਣੀਆਂ ਵਾਲੀਆਂ ਫੋ
ਕੈਲਗਰੀ ਦੇ ਦਸ਼ਮੇਸ਼ ਕਲਚਰ ਸੈਂਟਰ ਨੂੰ ਧਮਕੀ, ਗੁਰਦੁਆਰਾ ਸਾਹਿਬ ਦੀ ਸੁਰੱਖਿਆ ਵਧਾਈ


ਚੰਡੀਗੜ੍ਹ, 22 ਅਗਸਤ (ਹਿੰ.ਸ.)| ਕੈਨੇਡਾ ਦੇ ਕੈਲਗਰੀ ਸਥਿਤ ਪ੍ਰਮੁੱਖ ਸਿੱਖ ਧਾਰਮਿਕ ਅਸਥਾਨ ਦਸ਼ਮੇਸ਼ ਕਲਚਰ ਸੈਂਟਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਢਾਹੁਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਗਾਤਾਰ ਆ ਰਹੀਆਂ ਧਮਕੀ ਭਰੀਆਂ ਅਤੇ ਨਸਲੀ ਟਿੱਪਣੀਆਂ ਵਾਲੀਆਂ ਫੋਨ ਕਾਲਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਚਿੰਤਾ ਵਧ ਗਈ ਹੈ।

ਸਾਵਧਾਨੀ ਵਜੋਂ ਦਸ਼ਮੇਸ਼ ਕਲਚਰ ਸੈਂਟਰ ਦੇ ਗੁਰਦੁਆਰਾ ਸਾਹਿਬ ਪਰਿਸਰ ਵਿੱਚ ਵਾਧੂ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕੈਨੇਡਾ ਦੇ ਸਵਾਨਾ ਸਥਿਤ ਗੋਬਿੰਦ ਸਰਵਰ ਗੁਰਦੁਆਰਾ ਸਾਹਿਬ ਨੂੰ ਵੀ ਉਸੇ ਨੰਬਰ ਤੋਂ ਇਸੇ ਤਰ੍ਹਾਂ ਦੀ ਧਮਕੀ ਭਰੀ ਕਾਲ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਦੋ ਸ਼ੱਕੀ ਫੋਨ ਕਾਲਾਂ ਆਈਆਂ। ਪਹਿਲੀ ਕਾਲ ਵਿੱਚ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਖਾਲੀ ਕਰਵਾਉਣ ਲਈ ਕਿਹਾ ਅਤੇ ਉੱਥੇ ਨਿਰਮਾਣ ਕਾਰਜ ਹੋਣ ਦਾ ਦਾਅਵਾ ਕੀਤਾ। ਕੁਝ ਸਮੇਂ ਬਾਅਦ ਇੱਕ ਹੋਰ ਵਿਅਕਤੀ ਨੇ ਖੁਦ ਨੂੰ ਕਨਸਟਰਕਸ਼ਨ ਕੰਪਨੀ ਦਾ ਸੀਈਓ ਦੱਸਦਿਆਂ ਗੁਰਦੁਆਰਾ ਭਵਨ ਨੂੰ ਢਾਹੁਣ ਦੀ ਸਿੱਧੀ ਧਮਕੀ ਦਿੱਤੀ।

ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੈਲਗਰੀ ਪੁਲਿਸ ਸਰਵਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਸ ਸਮੇਂ ਸਥਿਤੀ ਕਾਬੂ ਹੇਠ ਹੈ ਅਤੇ ਭਾਈਚਾਰੇ ਜਾਂ ਦੋਵੇਂ ਗੁਰਦੁਆਰਾ ਸਾਹਿਬਾਂ ਨੂੰ ਕਿਸੇ ਸਰਗਰਮ ਖ਼ਤਰੇ ਦੀ ਸੰਭਾਵਨਾ ਨਹੀਂ ਹੈ। ਪੁਲਿਸ ਵੱਲੋਂ ਧਮਕੀ ਭਰੀਆਂ ਕਾਲਾਂ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਫੋਨ ਨੰਬਰਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘਟਨਾ ਦੀ ਜਾਣਕਾਰੀ ਅਲਬਰਟਾ ਦੀ ਪ੍ਰੀਮੀਅਰ ਦੇ ਦਫ਼ਤਰ, ਸਥਾਨਕ ਕੌਂਸਲਰਾਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਦਿੱਤੀ ਗਈ ਹੈ। ਕੈਲਗਰੀ ਦੇ ਮੇਅਰ ਜੇਰੇਮੀ ਫਾਰਕਸ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੈਲਗਰੀ ਵਿੱਚ ਨਫ਼ਰਤ, ਡਰ ਜਾਂ ਕੱਟੜਤਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਸਿੱਖ ਭਾਈਚਾਰੇ ਪ੍ਰਤੀ ਪੂਰਾ ਸਮਰਥਨ ਪ੍ਰਗਟ ਕਰਦਿਆਂ ਕਾਨੂੰਨ-ਵਿਵਸਥਾ ਕਾਇਮ ਰੱਖਣ ਦਾ ਭਰੋਸਾ ਦਿੱਤਾ।

ਦੱਸਿਆ ਜਾਂਦਾ ਹੈ ਕਿ ਦਸ਼ਮੇਸ਼ ਕਲਚਰ ਸੈਂਟਰ ਦੀ ਨੀਂਹ ਕਰੀਬ 46 ਸਾਲ ਪਹਿਲਾਂ ਰੱਖੀ ਗਈ ਸੀ। ਅੱਜ ਇਹ ਗੁਰਦੁਆਰਾ 15 ਹਜ਼ਾਰ ਤੋਂ ਵੱਧ ਰਜਿਸਟਰਡ ਮੈਂਬਰਾਂ ਅਤੇ ਕੈਲਗਰੀ ਵਿੱਚ ਵੱਸਦੇ ਵੱਡੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਤੇ ਸਮਾਜਿਕ ਲੋੜਾਂ ਪੂਰੀਆਂ ਕਰ ਰਿਹਾ ਹੈ। ਘਟਨਾ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande