
ਜ਼ੀਰਕਪੁਰ, 22 ਅਗਸਤ (ਹਿੰ.ਸ.)| ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਇੱਕ ਪਤੀ ਪਤਨੀ ਨੇ ਕਥਿਤ ਠੱਗੀ ਅਤੇ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਜ਼ੀਰਕਪੁਰ ਸਥਿਤ ਇੱਕ ਪੀਜੀ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਬਰਨਾਲਾ ਦੇ ਪਿੰਡ ਸੇਖਾਂ ਵਾਸੀ ਗਗਨਦੀਪ ਕੌਰ ਅਤੇ ਉਸ ਦੇ ਪਤੀ ਹਾਕਮ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ 36 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਲਗਾਏ ਗਏ ਹਨ।ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ ਦੋਵਾਂ ਨੇ ਕਥਿਤ ਤੌਰ ’ਤੇ ਸਲਫਾਸ ਖਾ ਲਿਆ। ਗਗਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਾਕਮ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।ਸੁਸਾਈਡ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਗਾਇਆ ਕਿ ਵਿਦੇਸ਼ ਭੇਜਣ ਵਾਲਾ ਏਜੰਟ ਉਸ ਦਾ ਪੁਰਾਣਾ ਸਕੂਲੀ ਸਹਿਪਾਠੀ ਸੀ। ਪੁਰਾਣੀ ਜਾਣ-ਪਛਾਣ ਹੋਣ ਕਾਰਨ ਉਸ ਨੇ ਏਜੰਟ ’ਤੇ ਭਰੋਸਾ ਕੀਤਾ। ਦੋਸ਼ ਹੈ ਕਿ ਏਜੰਟ ਨੇ ਪਹਿਲਾਂ ਕੈਨੇਡਾ, ਫਿਰ ਜਾਰਜੀਆ ਅਤੇ ਬਾਅਦ ਵਿੱਚ ਇਟਲੀ ਭੇਜਣ ਦਾ ਭਰੋਸਾ ਦਿੱਤਾ ਅਤੇ ਵੱਖ-ਵੱਖ ਸਮੇਂ ’ਤੇ ਦੰਪਤੀ ਤੋਂ ਕੁੱਲ 36 ਲੱਖ ਰੁਪਏ ਲੈ ਲਏ।ਨੋਟ ਮੁਤਾਬਕ ਪਤੀ ਪਤਨੀ ਨੇ ਵਿਦੇਸ਼ ਜਾਣ ਦੇ ਮਕਸਦ ਨਾਲ ਵਿਆਹ ਕੀਤਾ ਸੀ। ਹਾਕਮ ਸਿੰਘ ਨੇ ਦੋਸ਼ ਲਗਾਇਆ ਕਿ ਏਜੰਟ ਨੇ ਦੋਵਾਂ ਲਈ 18-18 ਲੱਖ ਰੁਪਏ ਦੀ ਮੰਗ ਕੀਤੀ, ਜਿਸ ਲਈ ਉਸ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ। ਸੁਸਾਈਡ ਨੋਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਾਅਦ ਵਿੱਚ ਦੰਪਤੀ ਨੂੰ ਇਟਲੀ ਦੇ ਵਰਕ ਵੀਜ਼ੇ ਦਿੱਤੇ ਗਏ, ਪਰ ਬਾਅਦ ਵਿੱਚ ਇਨ੍ਹਾਂ ਦੇ ਜਾਅਲੀ ਹੋਣ ਦਾ ਸ਼ੱਕ ਸਾਹਮਣੇ ਆਇਆ। ਹਾਕਮ ਸਿੰਘ ਨੇ ਦਾਅਵਾ ਕੀਤਾ ਕਿ ਏਜੰਟ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਨ੍ਹਾਂ ਨੂੰ ਲਗਾਤਾਰ ਟਾਲਿਆ।ਨੋਟ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪੈਸੇ ਵਾਪਸ ਮੰਗਣ ’ਤੇ ਏਜੰਟ ਵੱਲੋਂ ਦੰਪਤੀ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਵਿਆਹ ਬਾਰੇ ਪਰਿਵਾਰ ਅਤੇ ਪਿੰਡ ਵਿੱਚ ਦੱਸਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਹਾਕਮ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਾਸਪੋਰਟ ਵੀ ਏਜੰਟ ਕੋਲ ਸਨ।ਹਾਕਮ ਸਿੰਘ ਨੇ ਸੁਸਾਈਡ ਨੋਟ ਵਿੱਚ ਏਜੰਟ ਅਤੇ ਉਸ ਦੇ ਸਾਥੀਆਂ ’ਤੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਮੋਬਾਈਲ ਫੋਨ ਖੋਹਣ ਦੇ ਦੋਸ਼ ਵੀ ਲਗਾਏ ਹਨ। ਨੋਟ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਏਜੰਟ ਨਾਲ ਹੋਈ ਵਟਸੈਪ ਚੈਟ, ਕਾਲ ਰਿਕਾਰਡਿੰਗ, ਸਕ੍ਰੀਨ ਰਿਕਾਰਡਿੰਗ ਅਤੇ ਵੀਜ਼ਾ ਨਾਲ ਸਬੰਧਤ ਦਸਤਾਵੇਜ਼ਾਂ ਦੇ ਰੂਪ ਵਿੱਚ ਸਬੂਤ ਮੌਜੂਦ ਹਨ।ਜ਼ੀਰਕਪੁਰ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਪੁਲਿਸ ਨੇ 7 ਪੰਨਿਆਂ ਦੇ ਸੁਸਾਈਡ ਨੋਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੀ ਲਿਖਾਈ ਅਤੇ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।ਪੁਲਿਸ ਵੱਲੋਂ ਕਥਿਤ 36 ਲੱਖ ਰੁਪਏ ਦੇ ਲੈਣ-ਦੇਣ, ਵੀਜ਼ਾ ਦਸਤਾਵੇਜ਼ਾਂ ਅਤੇ ਏਜੰਟ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਸਾਈਡ ਨੋਟ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਤੋਂ ਬਾਅਦ ਹੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH