
ਫਾਜ਼ਿਲਕਾ, 22 ਅਗਸਤ (ਹਿੰ.ਸ.)| ਝੋਨੇ ਦੀ ਸਿੱਧੀ ਬਿਜਾਈ (ਡੀਐੱਸਆਰ) ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਰਾਸ਼ੀ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੇ ਸਿੱਧੀ ਬਿਜਾਈ ਵਾਲੇ ਖੇਤਾਂ ਦੀ ਭੌਤਿਕ ਪੜਤਾਲ 25 ਅਗਸਤ 2026 ਤੱਕ ਕਰਵਾਉਣੀ ਲਾਜ਼ਮੀ ਹੈ।ਮੁੱਖ ਖੇਤੀਬਾੜੀ ਅਫਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਭੌਤਿਕ ਪੜਤਾਲ ਲਈ ਆਨਲਾਈਨ ਪੋਰਟਲ ਖੁੱਲ੍ਹਾ ਹੋਇਆ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਹੁਣ ਤੱਕ 12,071 ਕਿਸਾਨਾਂ ਵੱਲੋਂ 1,55,912.75 ਏਕੜ ਰਕਬਾ ਪੋਰਟਲ ’ਤੇ ਦਰਜ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਮਜ਼ਦੂਰੀ, ਸਮਾਂ ਅਤੇ ਖੇਤੀ ਲਾਗਤ ਦੀ ਬੱਚਤ ਹੋਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਿੱਧੀ ਬਿਜਾਈ ਤਕਨੀਕ ਅਪਣਾਉਂਦੇ ਸਮੇਂ ਨਦੀਨਾਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਨਦੀਨਨਾਸ਼ਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ’ਤੇ ਵਰਤੋਂ ਕਰਨ ਦੀ ਸਲਾਹ ਦਿੱਤੀ।ਖੇਤੀਬਾੜੀ ਵਿਭਾਗ ਵੱਲੋਂ 25 ਅਗਸਤ ਤੱਕ ਸਿੱਧੀ ਬਿਜਾਈ ਵਾਲੇ ਖੇਤਾਂ ਦੀ ਭੌਤਿਕ ਪੜਤਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਰਾਹੀਂ ਕੀਤੀ ਜਾਵੇਗੀ। ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਮਿਤੀ ਤੱਕ ਆਪਣੇ ਖੇਤ ਦੀ ਪੜਤਾਲ ਜ਼ਰੂਰ ਕਰਵਾਉਣ। ਵਿਭਾਗ ਅਨੁਸਾਰ, ਜੇ ਕਿਸੇ ਕਿਸਾਨ ਦੇ ਖੇਤ ਦੀ ਭੌਤਿਕ ਪੜਤਾਲ 25 ਅਗਸਤ 2026 ਤੱਕ ਨਹੀਂ ਹੁੰਦੀ, ਤਾਂ ਇਸ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ ਅਤੇ ਸਬੰਧਤ ਕਿਸਾਨ 1,500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH