
55 ਲੱਖ ਰੁਪਏ ਦੀ ਲਾਗਤ ਨਾਲ ਬਦਲੀ ਜਾਵੇਗੀ ਸੜਕ ਦੀ ਦਸ਼ਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ,ਪਟਿਆਲਾ, 22 ਅਗਸਤ (ਹਿੰ.ਸ.)| ਪਿਛਲੇ ਲੰਬੇ ਸਮੇਂ ਤੋਂ ਲੋਕਾਂ ਲਈ ਮੁਸ਼ਕਲ ਬਣੀ ਹੋਈ ਪਟਿਆਲਾ ਦੀ ਹੈਰੀਟੇਜ ਸਟ੍ਰੀਟ ਦੀ ਦਸ਼ਾ ਹੁਣ ਬਦਲਣ ਜਾ ਰਹੀ ਹੈ। ਇਲਾਕਾ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਗਰੇਵਾਲ ਨੇ ਹੈਰੀਟੇਜ ਸਟ੍ਰੀਟ ’ਤੇ ਪੁਰਾਣੀਆਂ ਟਾਈਲਾਂ ਪੁੱਟ ਕੇ ਸੜਕ ਨੂੰ ਸੀਮੈਂਟਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।ਇਸ ਸੜਕ ਦੇ ਨਿਰਮਾਣ ’ਤੇ ਕਰੀਬ 55 ਲੱਖ ਰੁਪਏ ਖਰਚ ਕੀਤੇ ਜਾਣਗੇ। ਕੰਮ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਅਤੇ ਪਟਿਆਲਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਹੈਰੀਟੇਜ ਸਟ੍ਰੀਟ ’ਤੇ ਪਹਿਲਾਂ ਲਗਾਈਆਂ ਗਈਆਂ ਟਾਈਲਾਂ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਟਾਈਲਾਂ ਉਖੜਨ ਅਤੇ ਸੜਕ ਦੀ ਖ਼ਰਾਬ ਹਾਲਤ ਕਾਰਨ ਇੱਥੋਂ ਲੰਘਣਾ ਲੋਕਾਂ ਲਈ ਮੁਸ਼ਕਲ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਨ੍ਹਾਂ ਟਾਈਲਾਂ ਨੂੰ ਹਟਾ ਕੇ ਵਧੀਆ ਅਤੇ ਸਾਫ਼-ਸੁਥਰੀ ਸੜਕ ਬਣਾਈ ਜਾਵੇਗੀ, ਜਿਸ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ।ਵਿਧਾਇਕ ਨੇ ਪਿਛਲੀ ਕਾਂਗਰਸ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਹੈਰੀਟੇਜ ਸਟ੍ਰੀਟ ਦੇ ਨਾਂ ’ਤੇ ਲੱਖਾਂ ਰੁਪਏ ਖਰਚ ਕੀਤੇ ਗਏ, ਪਰ ਇਸ ਦਾ ਲਾਭ ਲੋਕਾਂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਸੜਕ ਨੂੰ ਪੂਰੀ ਤਰ੍ਹਾਂ ਸੀਮੈਂਟਡ ਬਣਾਇਆ ਜਾਵੇਗਾ ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ ਅਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਤੋਂ ਰਾਹਤ ਮਿਲੇ।ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਕਾਸ ਕਾਰਜਾਂ ਵਿੱਚ ਮਿਆਰ ਅਨੁਸਾਰ ਸਮੱਗਰੀ ਦੀ ਵਰਤੋਂ ਕੀਤੀ ਜਾਵੇ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਕਾਸ ਕਾਰਜ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਜਾਂ ਕੋਈ ਹੋਰ ਕਮੀ ਪਾਈ ਗਈ ਤਾਂ ਸਬੰਧਤ ਠੇਕੇਦਾਰ ਜਾਂ ਅਧਿਕਾਰੀ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH