
ਚੰਡੀਗੜ੍ਹ, 26 ਅਗਸਤ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਵਿੱਚ ਕਾਮਨਵੈਲਥ ਗੇਮਜ਼-2026 ਦੇ ਤਗ਼ਮਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਦੇ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ 24 ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਕੁੱਲ 13 ਕਰੋੜ 97 ਲੱਖ 50 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।ਮੁੱਖ ਮੰਤਰੀ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਖਿਡਾਰੀ ਦੀ ਕਾਮਯਾਬੀ ਸਿਰਫ਼ ਤਗ਼ਮੇ ਨਾਲ ਨਹੀਂ ਮਾਪੀ ਜਾ ਸਕਦੀ। ਇਸ ਪਿੱਛੇ ਸਾਲਾਂ ਦੀ ਮਿਹਨਤ, ਅਨੁਸ਼ਾਸਨ, ਸੰਘਰਸ਼ ਅਤੇ ਪਰਿਵਾਰ ਤੇ ਕੋਚਾਂ ਦਾ ਸਹਿਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਲਾਸਗੋ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਦਮਖਮ ਦਾ ਲੋਹਾ ਮਨਵਾਉਂਦਿਆਂ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੀ ਕੁੱਲ ਆਬਾਦੀ ਵਿੱਚ ਹਰਿਆਣਾ ਦੀ ਹਿੱਸੇਦਾਰੀ ਲਗਭਗ 2 ਫੀਸਦੀ ਹੈ, ਪਰ ਕਾਮਨਵੈਲਥ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 122 ਖਿਡਾਰੀਆਂ ਵਿੱਚੋਂ 24 ਖਿਡਾਰੀ ਹਰਿਆਣਾ ਦੇ ਸਨ।ਹਰਿਆਣਾ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਕੁੱਲ 11 ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ 7 ਸੋਨੇ, 2 ਚਾਂਦੀ ਅਤੇ 2 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਤਰ੍ਹਾਂ ਭਾਰਤ ਦੀ ਕੁੱਲ ਤਗ਼ਮਾ ਗਿਣਤੀ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਯੋਗਦਾਨ 28 ਫੀਸਦੀ ਤੋਂ ਵੱਧ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਇੱਥੇ ਖੇਤਾਂ ਵਿੱਚ ਅੰਨ ਦੇ ਨਾਲ-ਨਾਲ ਚੈਂਪੀਅਨ ਵੀ ਪੈਦਾ ਹੁੰਦੇ ਹਨ। ਉਨ੍ਹਾਂ ਤਗ਼ਮਾ ਜੇਤੂ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਸੂਬੇ ਦੀਆਂ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਵੱਲੋਂ ਜਿੱਤੇ ਗਏ 11 ਤਗ਼ਮਿਆਂ ਵਿੱਚੋਂ 6 ਤਗ਼ਮੇ ਧੀਆਂ ਨੇ ਜਿੱਤੇ, ਜਿਨ੍ਹਾਂ ਵਿੱਚ 5 ਸੋਨੇ ਦੇ ਤਗ਼ਮੇ ਸ਼ਾਮਲ ਹਨ।ਮੁੱਕੇਬਾਜ਼ੀ ਵਿੱਚ ਵੀ ਹਰਿਆਣਾ ਦਾ ਦਬਦਬਾ ਰਿਹਾ। ਭਾਰਤ ਵੱਲੋਂ ਜਿੱਤੇ ਗਏ 7 ਸੋਨੇ ਦੇ ਤਗ਼ਮਿਆਂ ਵਿੱਚੋਂ 6 ਹਰਿਆਣਾ ਦੇ ਖਿਡਾਰੀਆਂ ਨੇ ਆਪਣੇ ਨਾਮ ਕੀਤੇ। ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਸਾਕਸ਼ੀ ਚੌਧਰੀ, ਪ੍ਰਿਆ ਘਣਘਸ, ਸਚਿਨ ਸਿਵਾਚ ਅਤੇ ਅੰਕੁਸ਼ ਪੰਘਾਲ ਨੇ ਸੋਨੇ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।ਪੈਰਾ-ਐਥਲੈਟਿਕਸ ਵਿੱਚ ਸ਼ਰਮੀਲਾ ਨੇ ਸੋਨੇ ਦਾ ਤਗ਼ਮਾ ਜਿੱਤ ਕੇ ਸਾਬਤ ਕੀਤਾ ਕਿ ਦ੍ਰਿੜ ਇਰਾਦੇ ਅੱਗੇ ਕੋਈ ਵੀ ਰੁਕਾਵਟ ਵੱਡੀ ਨਹੀਂ ਹੁੰਦੀ। ਨੀਰਜ ਚੋਪੜਾ ਨੇ ਜੈਵਲਿਨ ਥਰੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਨਰਿੰਦਰ ਬੇਰਵਾਲ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਅਤੇ ਸੀਮਾ ਕਾਲੀਰਮਣ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।ਮੁੱਖ ਮੰਤਰੀ ਨੇ ਉਮੀਦ ਜਤਾਈ ਕਿ 2028, 2032 ਅਤੇ 2036 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਹਰਿਆਣਾ ਦੇ ਖਿਡਾਰੀ ਭਾਰਤ ਨੂੰ ਵੱਡੀ ਖੇਡ ਸ਼ਕਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਮਾਰੋਹ ਦੌਰਾਨ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਖੇਡ ਰਾਜ ਮੰਤਰੀ ਗੌਰਵ ਗੌਤਮ, ਸੰਸਦ ਮੈਂਬਰ ਰੇਖਾ ਸ਼ਰਮਾ ਅਤੇ ਖੇਡ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH