
ਫਾਜ਼ਿਲਕਾ, 26 ਅਗਸਤ (ਹਿੰ.ਸ.)| ਫਾਜ਼ਿਲਕਾ ਵਿੱਚ ਈ-ਰਿਕਸ਼ਾ ਰਾਹੀਂ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਥਾਣਾ ਪੁਲਿਸ ਨੇ ਨਾਕਾਬੰਦੀ ਦੌਰਾਨ ਈ-ਰਿਕਸ਼ਾ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕੈਨ ਬਰਾਮਦ ਹੋਏ, ਜਿਨ੍ਹਾਂ ਵਿੱਚੋਂ 64 ਬੋਤਲਾਂ ਨਾਜਾਇਜ਼ ਦੇਸੀ ਲਾਹਨ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਧਿਕਾਰੀ ਜਗਦੀਸ਼ ਸਿੰਘ ਮੁਤਾਬਕ ਪੁਲਿਸ ਟੀਮ ਵੱਲੋਂ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਬਾਧਾ ਟੀ-ਪੁਆਇੰਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਫਿਰੋਜ਼ਪੁਰ ਵੱਲੋਂ ਇੱਕ ਈ-ਰਿਕਸ਼ਾ ਆਉਂਦਾ ਦਿਖਾਈ ਦਿੱਤਾ, ਜਿਸ ਵਿੱਚ ਡਰਾਈਵਰ ਸਮੇਤ ਦੋ ਵਿਅਕਤੀ ਸਵਾਰ ਸਨ।ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਈ-ਰਿਕਸ਼ਾ ਦੀ ਤਲਾਸ਼ੀ ਲਈ। ਇਸ ਦੌਰਾਨ ਇਸ ਵਿੱਚ ਰੱਖੇ ਦੋ ਕੈਨਾਂ ਵਿੱਚੋਂ 64 ਬੋਤਲਾਂ ਨਾਜਾਇਜ਼ ਦੇਸੀ ਲਾਹਨ ਬਰਾਮਦ ਹੋਈ। ਪੁਲਿਸ ਮੁਤਾਬਕ ਮੁਲਜ਼ਮ ਇਹ ਸ਼ਰਾਬ ਜਲਾਲਾਬਾਦ ਦੇ ਸੁਖੇਰਾ ਬੋਦਲਾ ਤੋਂ ਫਾਜ਼ਿਲਕਾ ਲੈ ਕੇ ਆਏ ਸਨ।ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਦੱਸਿਆ ਕਿ ਸ਼ਰਾਬ ਦੀ ਇਹ ਖੇਪ ਫਾਜ਼ਿਲਕਾ ਦੀ ਅੰਨੀ ਦਿੱਲੀ ਵਿੱਚ ਇੱਕ ਮਹਿਲਾ ਨੂੰ ਡਿਲੀਵਰ ਕੀਤੀ ਜਾਣੀ ਸੀ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ੰਕਰ ਵਾਸੀ ਸੈਨੀਆ ਰੋਡ ਅਤੇ ਬਲਵੀਰ ਕੁਮਾਰ ਵਾਸੀ ਝੀਵਰਾਂ ਮੁਹੱਲਾ, ਫਾਜ਼ਿਲਕਾ ਵਜੋਂ ਹੋਈ ਹੈ।ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਸ਼ਰਾਬ ਦੀ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH