
ਮੋਹਾਲੀ, 27 ਅਗਸਤ (ਹਿੰ.ਸ.)| ਮੋਹਾਲੀ ਵਿੱਚ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅੰਕੁਰ ਨਾਮ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਜ਼ੀਰੋ ਐਫਆਈਆਰ ਦਰਜ ਕੀਤੀ ਸੀ। ਮਾਮਲਾ ਮੋਹਾਲੀ ਦੇ ਫੇਜ਼-8 ਥਾਣਾ ਖੇਤਰ ਨਾਲ ਸਬੰਧਤ ਹੋਣ ਕਾਰਨ ਐਫਆਈਆਰ ਅਤੇ ਹੋਰ ਦਸਤਾਵੇਜ਼ ਅਗਲੀ ਜਾਂਚ ਲਈ ਮੋਹਾਲੀ ਪੁਲਿਸ ਨੂੰ ਸੌਂਪ ਦਿੱਤੇ ਗਏ।
ਮੋਹਾਲੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਮੁਲਾਕਾਤ ਅੰਕੁਰ ਨਾਲ ਇੱਕ ਪ੍ਰੋਗਰਾਮ ਦੌਰਾਨ ਹੋਈ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ। ਇਸ ਤੋਂ ਬਾਅਦ ਦੋਵੇਂ ਕਦੇ-ਕਦੇ ਹੋਰ ਲੋਕਾਂ ਦੇ ਫੋਨਾਂ ਰਾਹੀਂ ਇੱਕ-ਦੂਜੇ ਨਾਲ ਗੱਲਬਾਤ ਕਰਨ ਲੱਗ ਪਏ।
ਪੀੜਤਾ ਮੁਤਾਬਕ, 17 ਅਪ੍ਰੈਲ ਨੂੰ ਉਹ ਸੋਹਾਣਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ। ਉੱਥੇ ਉਸ ਨੇ ਕਿਸੇ ਹੋਰ ਵਿਅਕਤੀ ਦੇ ਫੋਨ ਤੋਂ ਅੰਕੁਰ ਨੂੰ ਕਾਲ ਕਰਕੇ ਬੁਲਾਇਆ। ਦੋਸ਼ ਹੈ ਕਿ ਅੰਕੁਰ ਉੱਥੇ ਪਹੁੰਚਿਆ ਅਤੇ ਉਸ ਨੂੰ ਘੁੰਮਾਉਣ ਦੇ ਬਹਾਨੇ ਨੇੜਲੇ ਇੱਕ ਪਾਰਕ ਵਿੱਚ ਲੈ ਗਿਆ।
ਪੀੜਤਾ ਦਾ ਦੋਸ਼ ਹੈ ਕਿ ਪਾਰਕ ਵਿੱਚ ਅੰਕੁਰ ਨੇ ਉਸ ਨਾਲ ਜਬਰ-ਜਨਾਹ ਕੀਤਾ। ਵਿਰੋਧ ਕਰਨ ’ਤੇ ਮੁਲਜ਼ਮ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਕਿਸੇ ਹੋਰ ਥਾਂ ਲੈ ਗਿਆ, ਜਿੱਥੇ ਵਿਆਹ ਦਾ ਝਾਂਸਾ ਦੇ ਕੇ ਮੁੜ ਗਲਤ ਕੰਮ ਕਰਨ ਦੇ ਦੋਸ਼ ਹਨ।
ਪੀੜਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਕੰਮ ਦਾ ਬਹਾਨਾ ਬਣਾ ਕੇ ਉੱਥੋਂ ਚਲਾ ਗਿਆ ਅਤੇ ਉਸ ਨੂੰ ਉੱਥੇ ਹੀ ਰੁਕਣ ਲਈ ਕਿਹਾ। ਉਹ ਕਰੀਬ ਦੋ ਦਿਨ ਤੱਕ ਮੁਲਜ਼ਮ ਦੀ ਉਡੀਕ ਕਰਦੀ ਰਹੀ, ਪਰ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਵਿੱਚ ਚੰਡੀਗੜ੍ਹ ਪਹੁੰਚ ਗਈ।
ਚੰਡੀਗੜ੍ਹ ਵਿੱਚ ਇੱਕ ਬਾਈਕ ਸਵਾਰ ਨੇ ਪੀੜਤਾ ਨੂੰ ਪਰੇਸ਼ਾਨ ਹਾਲਤ ਵਿੱਚ ਦੇਖਿਆ ਅਤੇ ਉਸ ਨੂੰ ਲਿਫਟ ਦਿੱਤੀ। ਪੀੜਤਾ ਨੇ ਉਸ ਨੂੰ ਪੂਰੀ ਘਟਨਾ ਦੱਸੀ, ਜਿਸ ਤੋਂ ਬਾਅਦ ਬਾਈਕ ਸਵਾਰ ਉਸ ਨੂੰ ਪੁਲਿਸ ਸਟੇਸ਼ਨ ਲੈ ਗਿਆ। ਉੱਥੇ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਮੋਹਾਲੀ ਪੁਲਿਸ ਮੁਤਾਬਕ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH