
ਜਲੰਧਰ, 27 ਅਗਸਤ (ਹਿੰ.ਸ.)| ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਲਾਵਾਰਿਸ ਅਤੇ ਕੇਸਾਂ ਨਾਲ ਸਬੰਧਤ ਵਾਹਨਾਂ ਦੇ ਨਿਪਟਾਰੇ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪੁਲਿਸ ਲਾਈਨਜ਼ ਵਿੱਚ 1,909 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕਰਵਾਈ ਗਈ।
ਨਿਲਾਮੀ ਦੀ ਪੂਰੀ ਪ੍ਰਕਿਰਿਆ ਏਡੀਸੀਪੀ ਟ੍ਰੈਫਿਕ ਗੁਰਬਾਜ ਸਿੰਘ ਅਤੇ ਏਸੀਪੀ ਟ੍ਰੈਫਿਕ ਅਜੈ ਸਿੰਘ ਦੀ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ। ਨਿਲਾਮੀ ਵਿੱਚ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ 32 ਬੋਲੀਦਾਤਾਵਾਂ ਨੇ ਹਿੱਸਾ ਲਿਆ।
ਨਿਲਾਮੀ ਵਿੱਚ ਸ਼ਾਮਲ ਸਾਰੇ 1,909 ਵਾਹਨਾਂ ਨੂੰ ਸਫਲ ਬੋਲੀਦਾਤਾਵਾਂ ਵੱਲੋਂ ਸਕ੍ਰੈਪ ਵਜੋਂ ਖਰੀਦਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਪੂਰੀ ਰਕਮ ਨਿਯਮਾਂ ਅਨੁਸਾਰ ਸਬੰਧਤ ਸਰਕਾਰੀ ਮਾਲੀਆ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਥਾਣਿਆਂ ਅਤੇ ਪੁਲਿਸ ਯਾਰਡਾਂ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਨੂੰ ਹਟਾਉਣ ਅਤੇ ਰਿਕਾਰਡ ਨੂੰ ਦਰੁਸਤ ਕਰਨ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਪੁਲਿਸ ਕਮਿਸ਼ਨਰੇਟ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਵਾਹਨ ਅਜੇ ਵੀ ਥਾਣਿਆਂ ਵਿੱਚ ਖੜ੍ਹੇ ਹਨ, ਉਹ ਸਬੰਧਤ ਪੁਲਿਸ ਸਟੇਸ਼ਨ ਵਿੱਚ ਲਿਖਤੀ ਅਰਜ਼ੀ ਦੇ ਕੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਅਤੇ ਆਪਣੇ ਵਾਹਨ ਜਲਦ ਰਿਲੀਜ਼ ਕਰਵਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH