
ਰਾਏਕੋਟ, 27 ਅਗਸਤ (ਹਿੰ.ਸ.)| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਏਕੋਟ ਦੀ ਧਰਤੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਨੂਰੇ ਮਾਹੀ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਦਿਆਂ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ੍ਹ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਅੱਜ ਵੀ ਸਾਨੂੰ ਜ਼ੁਲਮ ਦੇ ਵਿਰੁੱਧ ਡਟ ਕੇ ਲੜਨ ਦੀ ਪ੍ਰੇਰਣਾ ਦਿੰਦਾ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਖ਼ਾਲਸੇ ਦੀ ਵਿਰਾਸਤ ਰਹੀ ਹੈ ਕਿ ਜਦੋਂ ਵੀ ਹਕੂਮਤਾਂ ਨੇ ਪੰਥ ’ਤੇ ਚੜ੍ਹਾਈ ਕੀਤੀ, ਖ਼ਾਲਸੇ ਨੇ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਹਕੂਮਤਾਂ ਤਾਕਤ ਦੇ ਨਸ਼ੇ ਵਿੱਚ ਪੰਥਕ ਪ੍ਰੰਪਰਾਵਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਸਿੱਖ ਮਾਮਲਿਆਂ ਵਿੱਚ ਦਖ਼ਲ ਦੇ ਰਹੀ ਹੈ, ਜਿਸ ਨੂੰ ਖ਼ਾਲਸਾ ਪੰਥ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਨੇੜਿਓਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਸਿੱਖਾਂ ਨਾਲ ਸਬੰਧਤ ਕੋਈ ਵੀ ਨੀਤੀ ਜਾਂ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਪ੍ਰੰਪਰਾਵਾਂ ’ਤੇ ਸਵਾਲ ਚੁੱਕਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਆਪਣੇ ਗੌਰਵਮਈ ਸਿੱਖ ਵਿਰਸੇ ਤੇ ਪੰਥਕ ਪ੍ਰੰਪਰਾਵਾਂ ਨਾਲ ਮਜ਼ਬੂਤੀ ਨਾਲ ਜੁੜੇ ਰਹਿਣ।
ਹਿੰਦੂਸਥਾਨ ਸਮਾਚਾਰ / GURSHARAN SINGH