
ਬਟਾਲਾ, 27 ਅਗਸਤ (ਹਿੰ.ਸ.)| ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਅਹਿਮਦੀਆ ਜਮਾਤ ਕਾਦੀਆਂ ਦੇ ਸਹਿਯੋਗ ਨਾਲ ਨੂਰ ਹਸਪਤਾਲ, ਕਾਦੀਆਂ ਵਿਖੇ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਦੀਪ ਚੰਦ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ (ਜ)-ਕਮ-ਅਵੈਤਨੀ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਦੀਪ ਚੰਦ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਕਾਰਜ ਹੈ ਅਤੇ ਖੂਨਦਾਨ ਕਰਨ ਵਾਲਾ ਵਿਅਕਤੀ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਨਾ ਤਾਂ ਖੂਨਦਾਨ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਖੂਨ ਕਿਸ ਨੂੰ ਦਿੱਤਾ ਜਾਵੇਗਾ ਅਤੇ ਨਾ ਹੀ ਖੂਨ ਪ੍ਰਾਪਤ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਕਿਸ ਵਿਅਕਤੀ ਦਾ ਖੂਨ ਮਿਲ ਰਿਹਾ ਹੈ। ਖੂਨ ਦਾ ਰੰਗ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਅਹਿਮਦੀਆ ਜਮਾਤ ਵੱਲੋਂ ਸਵੈ-ਇੱਛਕ ਖੂਨਦਾਨ ਕੈਂਪ ਲਗਾ ਕੇ ਦਿੱਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।
ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਮੁਹੰਮਦ ਇਨਾਮ ਗੋਰੀ ਨੇ ਖੂਨਦਾਨ ਕਰਨ ਵਾਲਿਆਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਅਹਿਮਦੀਆ ਜਮਾਤ ਹਮੇਸ਼ਾ ਅਜਿਹੇ ਕੈਂਪ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੋਸਾਇਟੀ ਦਾ ਸਹਿਯੋਗ ਕਰਦੀ ਰਹੇਗੀ, ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਇਆ ਜਾ ਸਕੇ।
ਰੈੱਡ ਕਰਾਸ ਦੇ ਸਕੱਤਰ ਰਾਜੀਵ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰੈੱਡ ਕਰਾਸ ਵੱਲੋਂ ਸ਼ੁਰੂ ਕੀਤੀ ਸਵੈ-ਇੱਛਕ ਖੂਨਦਾਨ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਲੋੜ ਪੈਣ ’ਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਖੂਨ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਕੈਂਪ ਦੌਰਾਨ ਕਰੀਬ 45 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਅਹਿਮਦੀਆ ਜਮਾਤ ਦੇ ਵਧੀਕ ਚੀਫ ਸੈਕਟਰੀ ਮਕਦੂਮ ਸਰੀਫ, ਸਰਬਜੀਤ ਸਿੰਘ, ਪ੍ਰਧਾਨ ਨਗਰ ਕੌਂਸਲ ਕਾਦੀਆਂ, ਸਈਅਦ ਅਜੀਜ ਅਹਿਮਦ, ਚੇਅਰਮੈਨ ਹੁਮੈਨਟੀ ਫਸਟ ਇੰਡੀਆ ਕਾਦੀਆਂ, ਡਾ. ਪੂਜਾ, ਬੀ.ਟੀ.ਓ. ਬਲੱਡ ਬੈਂਕ ਗੁਰਦਾਸਪੁਰ, ਯੂਨਾਈਟਿਡ ਸਿੱਖ ਵੈਲਫੇਅਰ ਸੋਸਾਇਟੀ ਗੁਰਦਾਸਪੁਰ ਦੇ ਪ੍ਰਧਾਨ, ਸਿਹਤ ਵਿਭਾਗ ਦੀ ਟੈਕਨੀਕਲ ਟੀਮ ਅਤੇ ਰੈੱਡ ਕਰਾਸ ਸੋਸਾਇਟੀ ਦਾ ਸਟਾਫ ਵੀ ਹਾਜ਼ਰ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH