
ਮੋਹਾਲੀ, 29 ਅਗਸਤ (ਹਿੰ.ਸ.)| ਮੋਹਾਲੀ ਦੇ ਚਰਚਿਤ ਡਿੰਪਲ ਕਤਲਕਾਂਡ ਵਿੱਚ ਪੁਲਿਸ ਨੇ ਕਰੀਬ 300 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਵਿੱਚ 35 ਗਵਾਹਾਂ ਦੇ ਬਿਆਨ, ਘਟਨਾ ਸਥਾਨ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ, ਖੂਨ ਨਾਲ ਲੱਥਪੱਥ ਕੱਪੜੇ, ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਮੁਲਜ਼ਮ ਵੱਲੋਂ ਆਨਲਾਈਨ ਮੰਗਵਾਈਆਂ ਗਈਆਂ ਦੋ ਛੁਰੀਆਂ ਨੂੰ ਅਹਿਮ ਸਬੂਤ ਵਜੋਂ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮ ਹਰਜਿੰਦਰ ਸਿੰਘ ਮਾਨ ਉਸੇ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਇਕਤਰਫ਼ਾ ਪਿਆਰ ਦੇ ਚੱਲਦਿਆਂ ਉਸ ਨੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਡਿੰਪਲ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਮੁਲਜ਼ਮ ਇਸ ਸਮੇਂ ਰੋਪੜ ਜੇਲ੍ਹ ਵਿੱਚ ਬੰਦ ਹੈ। ਮੋਹਾਲੀ ਫੇਜ਼-11 ਥਾਣਾ ਪੁਲਿਸ ਨੇ 90 ਦਿਨਾਂ ਦੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਐਸਐਚਓ ਅਮਨ ਬੈਦਵਾਣ ਨੇ ਦੱਸਿਆ ਕਿ ਜਾਂਚ ਦੌਰਾਨ ਕਰੀਬ 35 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ 5 ਚਸ਼ਮਦੀਦ ਗਵਾਹ ਵੀ ਸ਼ਾਮਲ ਹਨ। ਪੁਲਿਸ ਨੇ ਘਟਨਾ ਸਥਾਨ ਅਤੇ ਨੇੜਲੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਜਾਂਚ ਦਾ ਅਹਿਮ ਹਿੱਸਾ ਬਣਾਇਆ ਹੈ। ਸੀਸੀਟੀਵੀਫੁਟੇਜ ਰਾਹੀਂ ਘਟਨਾ ਨਾਲ ਜੁੜੀਆਂ ਕਈ ਅਹਿਮ ਕੜੀਆਂ ਦੀ ਜਾਂਚ ਕੀਤੀ ਗਈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਦੋ ਛੁਰੀਆਂ ਆਨਲਾਈਨ ਆਰਡਰ ਕੀਤੀਆਂ ਸਨ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਹੀ ਛੁਰੀਆਂ ਨਾਲ ਡਿੰਪਲ ’ਤੇ ਹਮਲਾ ਕੀਤਾ ਗਿਆ। ਜਾਂਚ ਦੌਰਾਨ ਦੋਵੇਂ ਛੁਰੀਆਂ ਬਰਾਮਦ ਕਰ ਲਈਆਂ ਗਈਆਂ। ਚਾਰਜਸ਼ੀਟ ਵਿੱਚ ਮੁਲਜ਼ਮ ਦੇ ਖੂਨ ਨਾਲ ਲੱਥਪੱਥ ਕੱਪੜੇ, ਡਿੰਪਲ ਨਾਲ ਹੋਈ ਗੱਲਬਾਤ ਦੇ ਸਕ੍ਰੀਨਸ਼ਾਟ ਅਤੇ ਬੈਂਕ ਖਾਤਿਆਂ ਦੀ ਜਾਣਕਾਰੀ ਨੂੰ ਵੀ ਸਬੂਤ ਵਜੋਂ ਸ਼ਾਮਲ ਕੀਤਾ ਗਿਆ ਹੈ। ਪੁਲਿਸ ਮੁਤਾਬਕ ਡਿੰਪਲ ’ਤੇ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਲਿਆ ਸੀ। ਉਸ ਨੇ ਆਪਣੀ ਗਰਦਨ ’ਤੇ ਵੀ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਤੋਂ ਬਾਅਦ 9 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਵਾਰਦਾਤ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਗਏ।
ਐਸਐਚਓ ਅਮਨ ਬੈਦਵਾਣ ਨੇ ਦੱਸਿਆ ਕਿ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਹੁਣ ਮਾਮਲੇ ਵਿੱਚ ਅਦਾਲਤੀ ਕਾਰਵਾਈ ਅੱਗੇ ਵਧੇਗੀ। ਪੁਲਿਸ ਵੱਲੋਂ ਗਵਾਹਾਂ ਦੇ ਬਿਆਨ, ਸੀਸੀਟੀਵੀ ਫੁਟੇਜ, ਬਰਾਮਦ ਕੀਤੇ ਹਥਿਆਰਾਂ ਅਤੇ ਹੋਰ ਦਸਤਾਵੇਜ਼ੀ ਸਬੂਤ ਅਦਾਲਤ ਦੇ ਸਾਹਮਣੇ ਪੇਸ਼ ਕਰ ਦਿੱਤੇ ਗਏ ਹਨ। ਪੁਲਿਸ ਮੁਤਾਬਕ ਹੁਣ ਅਦਾਲਤ ਵਿੱਚ ਇਨ੍ਹਾਂ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH