
ਲੁਧਿਆਣਾ, 29 ਅਗਸਤ (ਹਿੰ.ਸ.)| ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਭਾਜਪਾ ਆਗੂ ਨੂੰ ਏਟੀਐਮ ਦੇ ਅੰਦਰ ਪਿਸਤੌਲ ਦਿਖਾ ਕੇ ਡੇਢ ਲੱਖ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਆਗੂ ਨੇ ਹਿੰਮਤ ਦਿਖਾਉਂਦਿਆਂ ਮੁਲਜ਼ਮ ਦੀ ਪਿਸਤੌਲ ਫੜ ਲਈ ਅਤੇ ਉਸ ਨੂੰ ਧੱਕਾ ਦੇ ਕੇ ਏਟੀਐਮ ਤੋਂ ਬਾਹਰ ਕੱਢ ਦਿੱਤਾ। ਦੋਵਾਂ ਵਿਚਾਲੇ ਹੋਈ ਹੱਥੋਪਾਈ ਦੌਰਾਨ ਮੁਲਜ਼ਮ ਦਾ ਸਿਰ ਏਟੀਐਮ ਦੇ ਸ਼ੀਸ਼ੇ ਨਾਲ ਜਾ ਟਕਰਾਇਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਘਟਨਾ ਦਾ ਕਰੀਬ ਡੇਢ ਮਿੰਟ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਜਾਂਚ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਖਿਡੌਣਾ ਪਿਸਤੌਲ ਨਿਕਲੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ ਸਾਹਨੇਵਾਲ ਮੇਨ ਰੋਡ ਸਥਿਤ ਪੀਐਨਬੀ ਬੈਂਕ ਦੇ ਏਟੀਐਮ ਵਿੱਚ ਵਾਪਰੀ। ਸੀਸੀਟੀਵੀ ਵਿੱਚ ਭਾਜਪਾ ਆਗੂ ਮਹਿੰਦਰ ਕੁਮਾਰ ਏਟੀਐਮ ਮਸ਼ੀਨ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕੋਲ ਡੇਢ ਲੱਖ ਰੁਪਏ ਵਾਲਾ ਸਾਈਡ ਬੈਗ ਸੀ। ਵੀਡੀਓ ਮੁਤਾਬਕ ਇੱਕ ਨੌਜਵਾਨ ਪਹਿਲਾਂ ਉਨ੍ਹਾਂ ਦੇ ਪਿੱਛੇ ਖੜ੍ਹਾ ਹੋ ਕੇ ਉਨ੍ਹਾਂ ਦੀ ਰੇਕੀ ਕਰਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਮਹਿੰਦਰ ਕੁਮਾਰ ਨੇ ਮਸ਼ੀਨ ਵਿੱਚ ਪੈਸੇ ਜਮ੍ਹਾਂ ਕਰਨੇ ਸ਼ੁਰੂ ਕੀਤੇ ਤਾਂ ਨੌਜਵਾਨ ਨੇ ਬੈਗ ਵਿੱਚੋਂ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੀ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ।ਪਿਸਤੌਲ ਤਾਣੇ ਜਾਣ ਦੇ ਬਾਵਜੂਦ ਮਹਿੰਦਰ ਕੁਮਾਰ ਨੇ ਹਿੰਮਤ ਨਹੀਂ ਹਾਰੀ ਅਤੇ ਮੁਲਜ਼ਮ ਦਾ ਹੱਥ ਤੇ ਪਿਸਤੌਲ ਫੜ ਲਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਏਟੀਐਮ ਦੇ ਅੰਦਰ ਹੀ ਹੱਥੋਪਾਈ ਸ਼ੁਰੂ ਹੋ ਗਈ।ਮਹਿੰਦਰ ਕੁਮਾਰ ਨੇ ਮੁਲਜ਼ਮ ਨੂੰ ਕਾਬੂ ਕਰਕੇ ਏਟੀਐਮ ਤੋਂ ਬਾਹਰ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧੱਕਾ-ਮੁੱਕੀ ਵਿੱਚ ਮੁਲਜ਼ਮ ਦਾ ਸਿਰ ਏਟੀਐਮ ਦੇ ਸ਼ੀਸ਼ੇ ਨਾਲ ਟਕਰਾ ਗਿਆ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਉਹ ਜ਼ਖਮੀ ਹੋ ਗਿਆ। ਹੱਥੋਪਾਈ ਅਤੇ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਏਟੀਐਮ ਕੋਲ ਪਹੁੰਚ ਗਏ। ਲੋਕਾਂ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਤਲਾਸ਼ੀ ਲੈਣ ’ਤੇ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਖਿਡੌਣਾ ਨਿਕਲੀ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮ ਦੀ ਪਛਾਣ 31 ਸਾਲਾ ਹਰਮਨਜੋਤ ਸਿੰਘ ਵਜੋਂ ਹੋਈ ਹੈ। ਉਹ ਖੰਨਾ ਦੀ ਅਫਸਰ ਕਲੋਨੀ, ਮਲੇਰਕੋਟਲਾ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹੱਥੋਪਾਈ ਦੌਰਾਨ ਜ਼ਖਮੀ ਹੋਣ ਕਾਰਨ ਪੁਲਿਸ ਨੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।ਮਹਿੰਦਰ ਕੁਮਾਰ ਸਾਹਨੇਵਾਲ ਮੰਡਲ ਵਿੱਚ ਭਾਜਪਾ ਦੇ ਜਨਰਲ ਸਕੱਤਰ ਹਨ ਅਤੇ ਪ੍ਰਾਪਰਟੀ ਤੇ ਭੱਠੇ ਦਾ ਕਾਰੋਬਾਰ ਕਰਦੇ ਹਨ। ਸਾਹਨੇਵਾਲ ਥਾਣਾ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰਣਧੀਰ ਸਿੰਘ ਕਰ ਰਹੇ ਹਨ। ਪੁਲਿਸ ਹੁਣ ਮੁਲਜ਼ਮ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਵਾਰਦਾਤ ਦੇ ਪਿੱਛੇ ਮੌਜੂਦ ਹੋਰ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH