
ਮੋਹਾਲੀ, 29 ਅਗਸਤ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਭਲਾਈ ’ਤੇ ਖਰਚ ਰਹੀ ਹੈ, ਪਰ ਇਸ ਦੀ ਸਭ ਤੋਂ ਵੱਧ ਤਕਲੀਫ਼ ਉਨ੍ਹਾਂ ਨੂੰ ਹੋ ਰਹੀ ਹੈ, ਜੋ ਦਹਾਕਿਆਂ ਤੱਕ ਸੱਤਾ ਵਿੱਚ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਰਕਾਰੀ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਖਰਚਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਸਬੰਧੀ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਸਫ਼ਲ ਨਹੀਂ ਹੋਣਗੀਆਂ। ਪੰਜਾਬ ਦੇ ਲੋਕ ਨਾ ਤਾਂ ਉਨ੍ਹਾਂ ਨੂੰ ਮੁੜ ਮੌਕਾ ਦੇਣਗੇ ਅਤੇ ਨਾ ਹੀ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬੰਦ ਹੋਣ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਵਾਰੋ-ਵਾਰੀ ਸੱਤਾ ਵਿੱਚ ਆਉਣ ਅਤੇ ਇੱਕ-ਦੂਜੇ ਦੇ ਗਲਤ ਕੰਮਾਂ ’ਤੇ ਪਰਦਾ ਪਾਉਣ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਸੂਬੇ ਦੀ ਨੁਹਾਰ ਬਦਲਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਉਨ੍ਹਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਪੰਜਾਬ ਵਿਰੋਧੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਜਵਾਬ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦਾ ਚੋਣ ਨਿਸ਼ਾਨ ਝਾੜੂ ਸੂਬੇ ਦੀ ਸਿਆਸੀ ਵਿਵਸਥਾ ਦੀ ਸਫ਼ਾਈ ਕਰ ਰਿਹਾ ਹੈ। ਉਨ੍ਹਾਂ ਅਕਾਲੀ ਦਲ ’ਤੇ ਨਸ਼ਿਆਂ ਦੀ ਸਮੱਸਿਆ ਨੂੰ ਵਧਾਉਣ ਅਤੇ ਆਪਣੇ ਸਿਆਸੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਨ ਦੇ ਦੋਸ਼ ਵੀ ਲਗਾਏ।
ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਨਸ਼ਿਆਂ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਇਸ ਦੀ ਮਾਰ ਝੱਲਣੀ ਪਈ।
ਅਕਾਲੀ ਦਲ ਵੱਲੋਂ ਭਾਜਪਾ ਨਾਲ ਮੁੜ ਗਠਜੋੜ ਦੀਆਂ ਕੋਸ਼ਿਸ਼ਾਂ ’ਤੇ ਵੀ ਮੁੱਖ ਮੰਤਰੀ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਗਠਜੋੜ ਕਿਸੇ ਵਿਚਾਰਧਾਰਾ ਜਾਂ ਲੋਕ ਭਲਾਈ ਲਈ ਨਹੀਂ, ਸਗੋਂ ਸੱਤਾ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਾਂਗਰਸ ਦੀ ਅੰਦਰੂਨੀ ਫੁੱਟ ’ਤੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸੀ ਆਗੂ ਨਿੱਜੀ ਸਿਆਸੀ ਹਿੱਤਾਂ ਲਈ ਆਪਸ ਵਿੱਚ ਲੜ ਰਹੇ ਹਨ, ਜਦਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲੜਾਈ ਚੰਗੀ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਰੋਜ਼ਗਾਰ, ਵਿਕਾਸ ਅਤੇ ਲੋਕ ਭਲਾਈ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਕੋਲ ਪੰਜਾਬ ਅਤੇ ਲੋਕਾਂ ਲਈ ਕੋਈ ਸਪੱਸ਼ਟ ਵਿਜ਼ਨ ਨਹੀਂ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH