ਆਸਟ੍ਰੀਆ ਦੇ ਹੋਟਲ ’ਚ ਪੱਗ ਬੰਨ੍ਹਣ ਕਾਰਨ ਐਂਟਰੀ ਤੋਂ ਰੋਕਣ ਦਾ ਦੋਸ਼, ਦੋ ਪੰਜਾਬੀਆਂ ਨੇ ਲਾਇਆ ਧਾਰਮਿਕ ਭੇਦਭਾਵ ਦਾ ਇਲਜ਼ਾਮ
ਮੋਹਾਲੀ ਦੇ ਜਸਪ੍ਰੀਤ ਸਿੰਘ ਦਾ ਦਾਅਵਾ- ਹੋਟਲ ਨੇ ਪੱਗ ਨੂੰ ਡਰੈੱਸ ਕੋਡ ਦੇ ਖ਼ਿਲਾਫ਼ ਦੱਸਿਆ, ਬੁਕਿੰਗ ਦੀ ਰਕਮ ਵੀ ਵਾਪਸ ਨਹੀਂ ਕੀਤੀ ਮੋਹਾਲੀ, 29 ਅਗਸਤ (ਹਿੰ.ਸ.)| ਆਸਟ੍ਰੀਆ ਦੇ ਸਾਲਜ਼ਬਰਗ ਵਿੱਚ ਇੱਕ ਹੋਟਲ ’ਤੇ ਦੋ ਪੰਜਾਬੀਆਂ ਨੂੰ ਪੱਗ ਬੰਨ੍ਹਣ ਕਾਰਨ ਐਂਟਰੀ ਨਾ ਦੇਣ ਦੇ ਦੋਸ਼ ਲੱਗੇ ਹਨ। ਦੋਵਾਂ ਪੰਜਾਬੀ
ਜਾਣਕਾਰੀ ਦਿੰਦੇ ਹੋਏ ਨੌਜਵਾਨ ਜਿੰਨ੍ਹਾਂ ਨੂੰ ਹੋਟਲ ’ਚ ਜਾਣ ਤੋਂ ਰੋਕਿਆ ਗਿਆ।


ਮੋਹਾਲੀ ਦੇ ਜਸਪ੍ਰੀਤ ਸਿੰਘ ਦਾ ਦਾਅਵਾ- ਹੋਟਲ ਨੇ ਪੱਗ ਨੂੰ ਡਰੈੱਸ ਕੋਡ ਦੇ ਖ਼ਿਲਾਫ਼ ਦੱਸਿਆ, ਬੁਕਿੰਗ ਦੀ ਰਕਮ ਵੀ ਵਾਪਸ ਨਹੀਂ ਕੀਤੀ

ਮੋਹਾਲੀ, 29 ਅਗਸਤ (ਹਿੰ.ਸ.)| ਆਸਟ੍ਰੀਆ ਦੇ ਸਾਲਜ਼ਬਰਗ ਵਿੱਚ ਇੱਕ ਹੋਟਲ ’ਤੇ ਦੋ ਪੰਜਾਬੀਆਂ ਨੂੰ ਪੱਗ ਬੰਨ੍ਹਣ ਕਾਰਨ ਐਂਟਰੀ ਨਾ ਦੇਣ ਦੇ ਦੋਸ਼ ਲੱਗੇ ਹਨ। ਦੋਵਾਂ ਪੰਜਾਬੀਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਇਸ ਨੂੰ ਧਾਰਮਿਕ ਭੇਦਭਾਵ ਅਤੇ ਨਸਲਵਾਦ ਕਰਾਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੋਟਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਬੁਕਿੰਗ ਦੀ ਰਕਮ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਮੋਹਾਲੀ ਵਾਸੀ ਅਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੋਟਲ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਹੋਟਲ ਦੇ ਰੈਸਟੋਰੈਂਟ ਜਾਂ ਕੰਪਲੈਕਸ ਦਾ ਡਰੈੱਸ ਕੋਡ ਪਹਿਲਾਂ ਹੀ ਇੰਟਰਨੈੱਟ ’ਤੇ ਦਰਜ ਕੀਤਾ ਗਿਆ ਸੀ। ਹਾਲਾਂਕਿ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਯੂਰਪ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪਿਆ।

ਜਸਪ੍ਰੀਤ ਸਿੰਘ ਮੁਤਾਬਕ ਹੋਟਲ ਵੱਲੋਂ ਸਪੱਸ਼ਟ ਤੌਰ ’ਤੇ ਕਿਹਾ ਗਿਆ ਕਿ ਕੰਪਲੈਕਸ ਵਿੱਚ ਪੱਗ ਪਹਿਨਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬੁਕਿੰਗ ਦੀ ਰਕਮ ਵਾਪਸ ਨਹੀਂ ਕਰਨੀ ਤਾਂ ਵੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਸਿਰਫ਼ ਪੱਗ ਦੇ ਆਧਾਰ ’ਤੇ ਐਂਟਰੀ ਤੋਂ ਰੋਕਿਆ ਜਾਣਾ ਉਨ੍ਹਾਂ ਲਈ ਬੇਹੱਦ ਇਤਰਾਜ਼ਯੋਗ ਹੈ।

ਦੋਵਾਂ ਪੰਜਾਬੀਆਂ ਨੇ ਹੋਟਲ ਦੀ ਨੀਤੀ ’ਤੇ ਸਵਾਲ ਚੁੱਕਦਿਆਂ ਇਸ ਨੂੰ ਧਾਰਮਿਕ ਪਛਾਣ ਦੇ ਆਧਾਰ ’ਤੇ ਭੇਦਭਾਵ ਦੱਸਿਆ ਹੈ। ਦੂਜੇ ਪਾਸੇ, ਹੋਟਲ ਵੱਲੋਂ ਪੱਗ ਨੂੰ ਆਪਣੇ ਕੰਪਲੈਕਸ ਵਿੱਚ ਮਨਾਹੀ ਹੋਣ ਦੀ ਗੱਲ ਕਹੀ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਧਾਰਮਿਕ ਪਛਾਣ ਅਤੇ ਪਹਿਰਾਵੇ ਨਾਲ ਜੁੜੇ ਅਧਿਕਾਰਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande