
ਚੰਡੀਗੜ੍ਹ, 30 ਅਗਸਤ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਪਹਿਲੀ ਵਾਰ ਫਰੈਂਚਾਇਜ਼ੀ ਅਧਾਰਤ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਈ ਜਾ ਰਹੀ ਇਸ ਲੀਗ ਵਿੱਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਮੁਕਾਬਲੇ ਮੋਹਾਲੀ ਸਥਿਤ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ ਅਤੇ ਫਾਈਨਲ 13 ਸਤੰਬਰ ਨੂੰ ਹੋਵੇਗਾ।
ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਲਈ ਵੱਡਾ ਮੰਚ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਸਥਾਪਿਤ ਕ੍ਰਿਕਟਰਾਂ ਨਾਲ ਖੇਡਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਮੁਤਾਬਕ ਇਹ ਲੀਗ ਪੰਜਾਬ ਵਿੱਚ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਹੁਨਰਮੰਦ ਖਿਡਾਰੀਆਂ ਨੂੰ ਅੱਗੇ ਵਧਣ ਦੇ ਵਧੇਰੇ ਮੌਕੇ ਦੇਣ ਲਈ ਕਰਵਾਈ ਜਾ ਰਹੀ ਹੈ।
ਲੀਗ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾ ਅਤੇ ਮੋਹਾਲੀ ਕਿੰਗਜ਼ ਵਿਚਕਾਰ ਖੇਡਿਆ ਗਿਆ। ਇਸ ਉਦਘਾਟਨੀ ਐਡੀਸ਼ਨ ਵਿੱਚ ਛੇ ਫਰੈਂਚਾਇਜ਼ੀ ਟੀਮਾਂ ਸ਼ਾਮਲ ਹਨ। ਫਾਜ਼ਿਲਕਾ ਫਾਲਕਨਜ਼ ਦੀ ਕਪਤਾਨੀ ਸ਼ੁਭਮਨ ਗਿੱਲ, ਲੁਧਿਆਣਾ ਲਾਇਨਜ਼ ਦੀ ਅਰਸ਼ਦੀਪ ਸਿੰਘ, ਅੰਮ੍ਰਿਤਸਰ ਸੂਰਮਾ ਦੀ ਅਭਿਸ਼ੇਕ ਸ਼ਰਮਾ, ਜਲੰਧਰ ਵਾਰੀਅਰਜ਼ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ਼ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ਼ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ।
ਮੁੱਖ ਮੰਤਰੀ ਨੇ ਪੰਜਾਬ ਦੀ ਕ੍ਰਿਕਟ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਨੇ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ ਅਤੇ ਯੁਵਰਾਜ ਸਿੰਘ ਵਰਗੇ ਮਹਾਨ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੀ ਕਪਤਾਨੀ ਵੀ ਪੰਜਾਬ ਦੇ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 21 ਖਿਡਾਰੀ ਆਈ.ਪੀ.ਐਲ. ਵਿੱਚ ਖੇਡ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 3,100 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਖੇਡਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਰੱਖੇ ਜਾਣ ਦਾ ਵੀ ਉਨ੍ਹਾਂ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਿਜਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਨਵਾਂ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਚ ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਹਿੱਸਾ ਲੈਣਗੀਆਂ।
ਲੀਗ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਸਮੇਤ ਕਈ ਪ੍ਰਮੁੱਖ ਖਿਡਾਰੀ ਸ਼ਾਮਲ ਹਨ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH