
ਮਾਲਵਾ ਮੇਲ ਨੇ ਜਿੱਤਿਆ ਪੰਜਾਬ ਕੁਈਨਜ਼ ਕੱਪ, ਫ਼ਾਈਨਲ ਵਿੱਚ ਪੁਆਧ ਐਕਸਪ੍ਰੈਸ ਨੂੰ 7 ਵਿਕਟਾਂ ਨਾਲ ਹਰਾਇਆ
ਪਟਿਆਲਾ, 30 ਅਗਸਤ (ਹਿੰ.ਸ.)| ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਪੰਜਾਬ ਕੁਈਨਜ਼ ਟਵੰਟੀ-20 ਕੱਪ ਦਾ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਸ਼ਾਨਦਾਰ ਸਮਾਪਨ ਹੋਇਆ। ਚਾਰ ਟੀਮਾਂ ਵਿਚਕਾਰ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਮਾਲਵਾ ਮੇਲ ਨੇ ਪੁਆਧ ਐਕਸਪ੍ਰੈਸ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਟੂਰਨਾਮੈਂਟ ਵਿੱਚ ਮਾਲਵਾ ਮੇਲ ਅਤੇ ਪੁਆਧ ਐਕਸਪ੍ਰੈਸ ਤੋਂ ਇਲਾਵਾ ਮਾਝਾ ਬ੍ਰਿਗੇਡ ਅਤੇ ਦੋਆਬਾ ਟਾਈਟਨਜ਼ ਨੇ ਵੀ ਹਿੱਸਾ ਲਿਆ।ਫਾਈਨਲ ਮੁਕਾਬਲੇ ਵਿੱਚ ਪੁਆਧ ਐਕਸਪ੍ਰੈਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 19.2 ਓਵਰਾਂ ਵਿੱਚ 88 ਦੌੜਾਂ ਬਣਾ ਕੇ ਆਲਆਊਟ ਹੋ ਗਈ। ਪੁਆਧ ਵੱਲੋਂ ਅੰਕਿਤਾ ਪਾਠਕ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ।ਮਾਲਵਾ ਮੇਲ ਦੀ ਗੇਂਦਬਾਜ਼ ਅਲੀਸ਼ਾ ਮਹਿਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ। 89 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਾਲਵਾ ਮੇਲ ਨੇ 18 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 90 ਦੌੜਾਂ ਬਣਾਈਆਂ ਅਤੇ ਮੈਚ ਆਪਣੇ ਨਾਮ ਕਰ ਲਿਆ। ਅਵਨੀਤ ਕੌਰ ਸੰਧੂ ਨੇ 34 ਅਤੇ ਹਰਸਿਮਰਤ ਕੌਰ ਨੇ 28 ਦੌੜਾਂ ਦਾ ਯੋਗਦਾਨ ਪਾਇਆ।ਫਾਈਨਲ ਤੋਂ ਬਾਅਦ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂੰ ਨੇ ਜੇਤੂ ਖਿਡਾਰਨਾਂ ਨੂੰ ਇਨਾਮ ਵੰਡੇ। ਮਾਲਵਾ ਮੇਲ ਨੂੰ ਕੱਪ ਦੇ ਨਾਲ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਦਕਿ ਉਪ ਜੇਤੂ ਪੁਆਧ ਐਕਸਪ੍ਰੈਸ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਵਿਅਕਤੀਗਤ ਇਨਾਮ ਵੀ ਦਿੱਤੇ ਗਏ। ਕਨਿਕਾ ਆਹੂਜਾ ਨੇ 7 ਮੈਚਾਂ ਵਿੱਚ 287 ਦੌੜਾਂ ਬਣਾਕੇ ਸਰਵੋਤਮ ਬੱਲੇਬਾਜ਼ ਦਾ ਐਵਾਰਡ ਹਾਸਲ ਕੀਤਾ। ਮੰਨਤ ਕਸ਼ਯਪ ਨੇ 7 ਮੈਚਾਂ ਵਿੱਚ 14 ਵਿਕਟਾਂ ਲੈ ਕੇ ਸਰਵੋਤਮ ਗੇਂਦਬਾਜ਼ ਦਾ ਖਿਤਾਬ ਜਿੱਤਿਆ। ਫਾਈਨਲ ਵਿੱਚ 4 ਵਿਕਟਾਂ ਲੈਣ ਵਾਲੀ ਅਲੀਸ਼ਾ ਮਹਿਤਾ ਨੂੰ ਪਲੇਅਰ ਆਫ਼ ਦ ਫਾਈਨਲ ਐਵਾਰਡ ਦਿੱਤਾ ਗਿਆ।ਇਸ ਮੌਕੇ ਬਲਤੇਜ ਸਿੰਘ ਪੰਨੂੰ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਕੁੜੀਆਂ ਦੀ ਭਾਗੀਦਾਰੀ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਹੋਰ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਸਫਲ ਟੂਰਨਾਮੈਂਟ ਕਰਵਾਉਣ ਲਈ ਵਧਾਈ ਵੀ ਦਿੱਤੀ। ਸਮਾਪਤੀ ਸਮਾਰੋਹ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਗੁਰਕੀਰਤ ਸਿੰਘ ਮਾਨ, ਬਰਿੰਦਰ ਸਿੰਘ ਸਰਾਂ ਅਤੇ ਭੁਪਿੰਦਰ ਸਿੰਘ ਜੂਨੀਅਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH