
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ: ਕੁਲਵੰਤ ਸਿੰਘ ਪੰਡੋਰੀਪਟਿਆਲਾ, 31 ਅਗਸਤ (ਹਿੰ.ਸ.)| ਪਟਿਆਲਾ ਦੀ ਅਦਿੱਤਿਆ ਬੈਡਮਿੰਟਨ ਅਕੈਡਮੀ ਵਿਖੇ 70ਵੇਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ। ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਵਿੱਚ ਮਹਿਲ ਕਲਾਂ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਪ੍ਰੀਵਿਲੇਜ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਅਤੇ ਪੰਜਾਬ ਗ੍ਰੈਪਲਿੰਗ ਰੈਸਲਿੰਗ ਦੇ ਡਾਇਰੈਕਟਰ ਯੋਗਰਾਜ ਸ਼ਰਮਾ ਸ਼ੈਲੀ ਵਿਸ਼ੇਸ਼ ਤੌਰ ’ਤੇ ਪਹੁੰਚੇ।ਟੂਰਨਾਮੈਂਟ ਦੇ ਉਦਘਾਟਨ ਮੌਕੇ ਖਿਡਾਰੀਆਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਖੇਡ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਸੂਬੇ ਭਰ ਵਿੱਚ ਵਧੀਆ ਖੇਡ ਮੈਦਾਨ ਤਿਆਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਦਾ ਮਕਸਦ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਯੋਗਰਾਜ ਸ਼ਰਮਾ ਸ਼ੈਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬੈਡਮਿੰਟਨ ਟੂਰਨਾਮੈਂਟ 2 ਸਤੰਬਰ ਤੱਕ ਚੱਲੇਗਾ। ਇਸ ਦੌਰਾਨ ਲੜਕਿਆਂ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ।ਯੋਗਰਾਜ ਸ਼ਰਮਾ ਸ਼ੈਲੀ ਨੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖਿਡਾਰੀਆਂ ਨਾਲ ਖੁਦ ਮੈਦਾਨ ਵਿੱਚ ਖੇਡ ਕੇ ਬੱਚਿਆਂ ਅਤੇ ਨੌਜਵਾਨਾਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਖਿਡਾਰੀਆਂ ਲਈ ਪ੍ਰੇਰਣਾਦਾਇਕ ਸੰਦੇਸ਼ ਹੈ।ਸ਼ੈਲੀ ਨੇ ਕਿਹਾ ਕਿ ਕੁਲਵੰਤ ਸਿੰਘ ਪੰਡੋਰੀ ਸਿਰਫ਼ ਮਹਿਲ ਕਲਾਂ ਦੇ ਵਿਧਾਇਕ ਹੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਸਹਿਯੋਗ ਲਈ ਵੀ ਹਮੇਸ਼ਾ ਅੱਗੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਵੱਲੋਂ ਖਿਡਾਰੀਆਂ ਨੂੰ ਲਗਾਤਾਰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਖਾਸ ਤੌਰ ’ਤੇ ਰੈਸਲਿੰਗ ਤੇ ਪੈਰਾ ਖਿਡਾਰੀਆਂ ਦੀ ਡਾਇਟ ਸਮੇਤ ਹੋਰ ਲੋੜਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ।ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਪੰਜਾਬ ਵਾਟਰ ਸਪਲਾਈ ਦੇ ਡਾਇਰੈਕਟਰ ਦਵਿੰਦਰ ਬਦੇਸ਼ਾ, ਯਾਦਵਿੰਦਰ ਸਿੰਘ, ਪੰਜਾਬ ਗ੍ਰੈਪਲਿੰਗ ਕਮੇਟੀ ਦੇ ਡਾਇਰੈਕਟਰ ਰਣਜੀਤ ਸਿੰਘ ਅਤੇ ਅਦਿੱਤਿਆ ਬੈਡਮਿੰਟਨ ਚੈਂਪੀਅਨਜ਼ ਕਲੱਬ ਦੇ ਐੱਮ.ਡੀ. ਸਤਨਾਮ ਸਿੰਘ ਸੱਤਾ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH