
ਜਲੰਧਰ, 31 ਅਗਸਤ (ਹਿੰ.ਸ.)| ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਨਾਜਾਇਜ਼ ਸ਼ਰਾਬ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਇੱਕ ਹੂਕਾ ਬਾਰ ’ਤੇ ਛਾਪਾ ਮਾਰ ਕੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੌਕੇ ਤੋਂ ਵਿਦੇਸ਼ੀ ਸ਼ਰਾਬ, ਹੂਕਾ-ਚਿਲਮ, ਮੋਬਾਈਲ ਫੋਨ, ਟੈਬਲੇਟ ਅਤੇ ਸੋਨੇ ਦੇ ਗਹਿਣਿਆਂ ਸਮੇਤ 10 ਲੱਖ 71 ਹਜ਼ਾਰ 990 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਏਡੀਸੀਪੀ ਜ਼ੋਨ-2 ਮਾਧਵੀ ਸ਼ਰਮਾ ਅਤੇ ਏਸੀਪੀ ਵੈਸਟ ਆਤਿਸ਼ ਭਾਟੀਆ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ। ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਇੰਸਪੈਕਟਰ ਜੈਇੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ।ਪੁਲਿਸ ਮੁਤਾਬਕ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਅਤੇ ਥਾਣਾ ਬਸਤੀ ਬਾਵਾ ਖੇਲ ਦੇ ਐਸਆਈ ਬਲਵਿੰਦਰ ਸਿੰਘ ਦੀ ਸਾਂਝੀ ਟੀਮ ਨੇ ਐਤਵਾਰ ਦੇਰ ਰਾਤ ਨੂੰ ਬਾਬਾ ਕਾਹਨਦਾਸ ਨਗਰ, ਗਲੀ ਨੰਬਰ 1, ਮਕਾਨ ਨੰਬਰ 3 ਦੇ ਰਹਿਣ ਵਾਲੇ ਤਰਸੇਮ ਸਿੰਘ ਉਰਫ਼ ਸੀਮਾ ਨੂੰ ਕਾਬੂ ਕੀਤਾ।ਤਲਾਸ਼ੀ ਦੌਰਾਨ ਪੁਲਿਸ ਨੇ 8 ਬੋਤਲ ਬਲੈਕ ਲੇਬਲ, 10 ਬੋਤਲ ਬੈਲੇਨਟਾਈਨ ਅਤੇ 4 ਬੋਤਲ ਜੇਮਸਨ ਵਿਸਕੀ ਬਰਾਮਦ ਕੀਤੀ। ਇਸ ਤੋਂ ਇਲਾਵਾ 3 ਹੂਕਾ ਚਿਲਮ ਅਤੇ 3 ਹੂਕਾ ਪਾਈਪ ਵੀ ਜ਼ਬਤ ਕੀਤੇ ਗਏ। ਪੁਲਿਸ ਨੇ ਇੱਕ ਬੈਗ ਵਿੱਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ।ਕਾਰਵਾਈ ਦੌਰਾਨ ਇੱਕ ਐਪਲ ਮੋਬਾਈਲ, ਐਪਲ ਟੈਬਲੇਟ, ਸੈਮਸੰਗ ਮੋਬਾਈਲ, ਸੈਮਸੰਗ ਕੀਪੈਡ ਫੋਨ ਅਤੇ ਵੀਵੋ ਮੋਬਾਈਲ ਸਮੇਤ 2 ਸੋਨੇ ਦੇ ਬਰੇਸਲੇਟ ਅਤੇ 4 ਸੋਨੇ ਦੀਆਂ ਅੰਗੂਠੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਮਲਾ ਦਰਜ ਕੀਤਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਮਾਰਕੁੱਟ, ਚੋਰੀ ਅਤੇ ਐਕਸਾਈਜ਼ ਐਕਟ ਨਾਲ ਸਬੰਧਤ 6 ਮਾਮਲੇ ਦਰਜ ਹਨ। ਹੁਣ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਵਿਦੇਸ਼ੀ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਬਰਾਮਦ ਹੋਈ ਵੱਡੀ ਨਕਦੀ ਦਾ ਸਰੋਤ ਕੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH