
ਅੰਮ੍ਰਿਤਸਰ, 05 ਅਗਸਤ (ਹਿੰ.ਸ.)|
ਆਮ ਆਦਮੀ ਪਾਰਟੀ–ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਨੇ ਅਧਿਆਪਕ-ਵਿਦਿਆਰਥੀ ਅਨੁਪਾਤ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਵਧੀਆ ਸਥਾਨ ਹਾਸਲ ਕੀਤਾ ਹੈ, ਜਿੱਥੇ ਔਸਤਨ 22 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਉਪਲਬਧ ਹੈ।
ਗੁਰਪ੍ਰਤਾਪ ਸਿੰਘ ਸੰਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਅਤੇ ਅਧਿਆਪਕਾਂ ਨੂੰ ਤਰੱਕੀਆਂ ਦੇਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੌਰਾਨ 5 ਹਜ਼ਾਰ ਤੋਂ ਵੱਧ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ, ਜੋ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਪ੍ਰਮੋਸ਼ਨਾਂ ਵਿੱਚੋਂ ਇੱਕ ਹੋਣਗੀਆਂ। ਇਸ ਦੇ ਨਾਲ ਹੀ ਵੱਖ-ਵੱਖ ਕਾਡਰਾਂ ਵਿੱਚ ਨਵੀਆਂ ਸਿੱਧੀਆਂ ਭਰਤੀਆਂ (ਡਾਇਰੈਕਟ ਰਿਕਰੂਟਮੈਂਟ) ਦੀ ਪ੍ਰਕਿਰਿਆ ਵੀ ਅੱਗੇ ਵਧਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੈਕਚਰਾਰ ਕਾਡਰ ਵਿੱਚ ਇਸ ਸਮੇਂ ਲਗਭਗ 73 ਫੀਸਦੀ ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ। 31 ਦਸੰਬਰ 2026 ਤੱਕ ਡਾਇਰੈਕਟ ਭਰਤੀ ਰਾਹੀਂ ਭਰੀਆਂ ਜਾਣ ਵਾਲੀਆਂ 1,032 ਅਸਾਮੀਆਂ ਲਈ 40 ਹਜ਼ਾਰ ਤੋਂ ਵੱਧ ਉਮੀਦਵਾਰ ਅਰਜ਼ੀਆਂ ਦੇ ਚੁੱਕੇ ਹਨ। ਭਰਤੀ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰਨ ਲਈ ਪ੍ਰੀਖਿਆ ਵੀ ਛੇਤੀ ਕਰਵਾਈ ਜਾਵੇਗੀ।
ਸੰਧੂ ਨੇ ਕਿਹਾ ਕਿ ਮਾਸਟਰ ਕਾਡਰ ਅਤੇ ਪ੍ਰਿੰਸੀਪਲ ਕਾਡਰ ਵਿੱਚ ਪ੍ਰਮੋਸ਼ਨਾਂ ਨੂੰ ਲੈ ਕੇ ਜਿਹੜੀਆਂ ਕਾਨੂੰਨੀ ਰੁਕਾਵਟਾਂ ਸਨ, ਉਨ੍ਹਾਂ ਵਿੱਚ ਹੁਣ ਰਾਹਤ ਮਿਲ ਚੁੱਕੀ ਹੈ। ਇਸ ਕਾਰਨ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਕੀਤੀਆਂ ਜਾਣਗੀਆਂ, ਜਿਸ ਨਾਲ ਸਕੂਲਾਂ ਵਿੱਚ ਪ੍ਰਸ਼ਾਸਕੀ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਖਾਲੀ ਅਸਾਮੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਵੇਗੀ।
ਗੁਰਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਹਰ ਸਰਕਾਰੀ ਸਕੂਲ ਵਿੱਚ ਯੋਗ ਅਤੇ ਲੋੜੀਂਦੇ ਅਧਿਆਪਕ ਮੁਹੱਈਆ ਕਰਵਾਉਣਾ ਹੈ। ਪਾਰਦਰਸ਼ੀ ਭਰਤੀ ਪ੍ਰਕਿਰਿਆ, ਸਮੇਂ ਸਿਰ ਪ੍ਰਮੋਸ਼ਨਾਂ ਅਤੇ ਸਿੱਖਿਆ ਵਿੱਚ ਲਗਾਤਾਰ ਨਿਵੇਸ਼ ਸਦਕਾ ਪੰਜਾਬ ਅੱਜ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਿੱਖਿਆ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਮੰਨਦਿਆਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ, ਆਧੁਨਿਕ ਸਹੂਲਤਾਂ ਅਤੇ ਅਧਿਆਪਕਾਂ ਦੀ ਉਪਲਬਧਤਾ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH