
ਪਟਿਆਲਾ, 09 ਅਗਸਤ (ਹਿੰ.ਸ.)| ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਕਰਵਾਈ ਗਈ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਸਫ਼ਲਤਾਪੂਰਵਕ ਸੰਪੰਨ ਹੋ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏਡੀਸੀ (ਜ) ਅਨੁਪ੍ਰਿਤਾ ਜੌਹਲ ਅਤੇ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਅਤੇ ਏਅਰਾਵਤ ਡਿਵੀਜ਼ਨ ਦੇ ਸਥਾਨਕ ਫੌਜੀ ਅਧਿਕਾਰੀਆਂ ਵਿਚਕਾਰ ਬਿਹਤਰ ਤਾਲਮੇਲ ਸਦਕਾ ਰੈਲੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀ।ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਵੱਲੋਂ ਜ਼ੋਨਲ ਰਿਕਰੂਟਮੈਂਟ ਦਫ਼ਤਰ ਜਲੰਧਰ ਦੀ ਅਗਵਾਈ ਹੇਠ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਇਸ ਰੈਲੀ ਨੂੰ ਇੱਕ ਮਾਡਲ ਭਰਤੀ ਰੈਲੀ ਵਜੋਂ ਸਰਾਹਿਆ ਗਿਆ ਹੈ। ਰੈਲੀ ਵਿੱਚ ਲਗਭਗ 11 ਹਜ਼ਾਰ ਸੰਭਾਵੀ ਅਗਨੀਵੀਰ ਉਮੀਦਵਾਰਾਂ ਨੇ ਹਿੱਸਾ ਲਿਆ।ਇਸ ਭਰਤੀ ਰੈਲੀ ਵਿੱਚ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਉਹ ਨੌਜਵਾਨ ਸ਼ਾਮਲ ਹੋਏ, ਜਿਨ੍ਹਾਂ ਨੇ 1 ਤੋਂ 10 ਜੂਨ 2026 ਤੱਕ ਹੋਈ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ।ਭਰਤੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਕਰਵਾਈ ਗਈ। ਪਹਿਲੇ ਪੜਾਅ ਵਿੱਚ ਸਰੀਰਕ ਟੈਸਟ ਅਤੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਗਈ। ਸਰੀਰਕ ਟੈਸਟ ਵਿੱਚ 1.6 ਕਿਲੋਮੀਟਰ ਦੌੜ, ਚਿਨ-ਅੱਪ, ਬੈਲੈਂਸ ਵਾਕ ਅਤੇ 9 ਫੁੱਟ ਡਿੱਚ ਜੰਪ ਸ਼ਾਮਲ ਸਨ। ਇਸ ਤੋਂ ਬਾਅਦ ਅਗਲੇ ਦਿਨ ਉਮੀਦਵਾਰਾਂ ਦਾ ਮੈਡੀਕਲ ਫਿਟਨੈੱਸ ਟੈਸਟ ਕਰਵਾਇਆ ਗਿਆ।ਸਰੀਰਕ ਟੈਸਟ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਦੀ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਰਹੀ, ਜੋ ਨੌਜਵਾਨਾਂ ਦੀ ਵਧ ਰਹੀ ਤਿਆਰੀ ਅਤੇ ਫੌਜ ਵਿੱਚ ਭਰਤੀ ਹੋਣ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ।ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਭਰਤੀ ਰੈਲੀ ਦੌਰਾਨ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਮਿਲਟਰੀ ਅਧਿਕਾਰੀਆਂ ਵੱਲੋਂ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਨਾਸ਼ਤਾ, ਦੁਪਹਿਰ ਦਾ ਖਾਣਾ, ਚਾਹ, ਲੱਸੀ, ਮਿਨਰਲ ਵਾਟਰ ਅਤੇ ਵਿਆਪਕ ਮੈਡੀਕਲ ਸਹੂਲਤਾਂ ਸ਼ਾਮਲ ਸਨ।ਰੈਲੀ ਦੀ ਪੂਰੀ ਮਿਆਦ ਦੌਰਾਨ 24 ਘੰਟੇ ਫੌਜ ਅਤੇ ਪੁਲਿਸ ਦੀ ਸੁਰੱਖਿਆ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਏਅਰਾਵਤ ਡਿਵੀਜ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਰੈਲੀ ਦਾ ਦੌਰਾ ਕਰਕੇ ਭਰਤੀ ਪ੍ਰਕਿਰਿਆ ਨੂੰ ਸਾਫ਼-ਸੁਥਰਾ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਏਡੀਸੀ ਅਨੁਪ੍ਰਿਤਾ ਜੌਹਲ ਅਤੇ ਸਹਾਇਕ ਕਮਿਸ਼ਨਰ ਨਵਜੋਤ ਕੌਰ ਮਾਵੀ ਵੱਲੋਂ ਰੈਲੀ ਦੀ ਯੋਜਨਾਬੰਦੀ ਤੋਂ ਲੈ ਕੇ ਇਸ ਨੂੰ ਅਮਲੀ ਰੂਪ ਦੇਣ ਤੱਕ ਸਰਗਰਮੀ ਨਾਲ ਕੰਮ ਕੀਤਾ ਗਿਆ। ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਨਾਲ ਲਗਾਤਾਰ ਤਾਲਮੇਲ ਰੱਖਦਿਆਂ ਲੌਜਿਸਟਿਕਸ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ।ਏਡੀਸੀ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਭਰਤੀ ਰੈਲੀ ਦੀ ਸਫ਼ਲਤਾ ਦਾ ਸਿਹਰਾ ਭਾਰਤੀ ਫੌਜ ਦੀ ਪਾਰਦਰਸ਼ੀ ਅਤੇ ਪੇਸ਼ੇਵਰ ਕਾਰਜਸ਼ੈਲੀ ਦੇ ਨਾਲ-ਨਾਲ ਫੌਜ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਬਿਹਤਰੀਨ ਤਾਲਮੇਲ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਮਾਣ ਨਾਲ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।ਭਰਤੀ ਰੈਲੀ ਨੂੰ ਸਫ਼ਲ ਬਣਾਉਣ ਵਿੱਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਬਿਜਲੀ ਨਿਗਮ, ਖੇਡ ਵਿਭਾਗ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪੁਲਿਸ ਵਿਭਾਗ ਸਮੇਤ ਹੋਰ ਵਿਭਾਗਾਂ ਨੇ ਵੀ ਅਹਿਮ ਭੂਮਿਕਾ ਨਿਭਾਈ।
ਹਿੰਦੂਸਥਾਨ ਸਮਾਚਾਰ / GURSHARAN SINGH