

ਕਰਤਾਰਪੁਰ (ਜਲੰਧਰ), 09 ਅਗਸਤ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀ ਸਿੱਖਿਆਵਾਂ ਅਤੇ ਮਨੁੱਖਤਾ, ਬਰਾਬਰੀ ਤੇ ਸਨਮਾਨ ਦੇ ਸੰਦੇਸ਼ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦਾ ਨੀਂਹ ਪੱਥਰ ਰੱਖਿਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਇਸ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਹ ਉਪਰਾਲਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਹਿੱਸਾ ਹੈ। ਇਸ ਮੌਕੇ ਡੇਰਾ ਸੱਚਖੰਡ ਬੱਲਾਂ ਦੇ ਪਦਮ ਸ੍ਰੀ ਸੰਤ ਨਿਰੰਜਨ ਦਾਸ ਜੀ ਸਮੇਤ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਬਾਲ ਨਾਥ ਆਸ਼ਰਮ ਦੇ ਸੰਤ ਪ੍ਰਗਟ ਨਾਥ ਜੀ, ਕਠਾਰ ਦੇ ਸੰਤ ਪਰਦੀਪ ਦਾਸ ਜੀ, ਸੰਤ ਤੇਜਾ ਸਿੰਘ ਜੀ, ਸੰਤ ਨਿਰਮਲ ਦਾਸ ਜੀ ਜੌੜੇ ਵਾਲੇ ਅਤੇ ਸੰਤ ਲੇਖ ਰਾਜ ਜੀ ਵੀ ਸਮਾਗਮ ਵਿੱਚ ਸ਼ਾਮਲ ਹੋਏ।ਮੁੱਖ ਮੰਤਰੀ ਨੇ ਦੱਸਿਆ ਕਿ ਇਹ ਅਧਿਐਨ ਕੇਂਦਰ 10.4 ਏਕੜ ਰਕਬੇ ਵਿੱਚ ਸਥਾਪਿਤ ਕੀਤਾ ਜਾਵੇਗਾ ਅਤੇ ਇਸ ’ਤੇ ਕੁੱਲ 37 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ਦੀ ਖਰੀਦ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ’ਤੇ ਖਰਚ ਕੀਤੇ ਜਾ ਚੁੱਕੇ ਹਨ। ਕੇਂਦਰ ਦੀ ਉਸਾਰੀ ਲਈ ਲੋੜੀਂਦਾ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।ਕੇਂਦਰ ਵਿੱਚ ਤਿੰਨ ਮੰਜ਼ਿਲਾ ਪ੍ਰਸ਼ਾਸਨਿਕ ਅਤੇ ਅਧਿਆਪਨ ਬਲਾਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਤਿੰਨ ਮੰਜ਼ਿਲਾ ਹੋਸਟਲ ਹੋਣਗੇ, ਜਿਨ੍ਹਾਂ ਵਿੱਚੋਂ ਹਰੇਕ ਵਿੱਚ 54 ਵਿਦਿਆਰਥੀਆਂ ਦੇ ਰਹਿਣ ਦੀ ਸਹੂਲਤ ਹੋਵੇਗੀ। ਅਧਿਆਪਕਾਂ ਅਤੇ ਸਟਾਫ਼ ਲਈ ਦੋ ਮੰਜ਼ਿਲਾ ਰਿਹਾਇਸ਼ੀ ਇਮਾਰਤ ਵੀ ਬਣਾਈ ਜਾਵੇਗੀ। ਕੇਂਦਰ ਦਾ ਕੁੱਲ ਕਵਰਡ ਏਰੀਆ ਲਗਭਗ 96,500 ਵਰਗ ਫੁੱਟ ਹੋਵੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ, ਫਲਸਫੇ ਅਤੇ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਇੱਕ ਮਹੱਤਵਪੂਰਨ ਸੰਸਥਾ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਬੱਚਿਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਗੁਰੂ ਜੀ ਦੀ ਬਾਣੀ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰਨ ਲਈ ਵਿਸ਼ੇਸ਼ ਸਹੂਲਤਾਂ ਮਿਲਣਗੀਆਂ।ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਅਤੇ ਸਮਾਜਿਕ ਨਾ-ਬਰਾਬਰੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਬਰਾਬਰੀ, ਮਨੁੱਖਤਾ ਅਤੇ ਮਾਣ-ਸਨਮਾਨ ਦਾ ਸੰਦੇਸ਼ ਦਿੱਤਾ। ਅਧਿਐਨ ਕੇਂਦਰ ਗੁਰੂ ਜੀ ਦੀ ਵਿਚਾਰਧਾਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਚਾਨਣ ਮੁਨਾਰੇ ਵਜੋਂ ਕੰਮ ਕਰੇਗਾ।ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤਹਿਤ 50 ਮੋਬਾਈਲ ਵੈਨਾਂ ਰਾਹੀਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਭਗ 13,000 ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀਆਂ ਦਿਖਾਈਆਂ ਜਾ ਰਹੀਆਂ ਹਨ।ਮਾਨ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਨੂੰ ਸਮਰੱਥ ਬਣਾਉਣ ਲਈ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਸਾਧਨ ਹੈ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਗਰੀਬੀ ਅਤੇ ਸਮਾਜਿਕ ਬੁਰਾਈਆਂ ਨਾਲ ਲੜਨ ਲਈ ਮਜ਼ਬੂਤ ਬਣਾ ਸਕਦੀ ਹੈ।ਸਮਾਗਮ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਤਰੁਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ, ਡਾ. ਰਵਜੋਤ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਪਵਨ ਕੁਮਾਰ ਟੀਨੂ, ਦੀਪਕ ਬਾਲੀ, ਵਿਧਾਇਕ ਬਲਕਾਰ ਸਿੰਘ ਅਤੇ ਇੰਦਰਜੀਤ ਕੌਰ ਮਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH