‘ਹਮਾਰੇ ਰਾਮ’ ਨੇ ਮੋਹਾਲੀ ਵਿਖੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ
ਮੋਹਾਲੀ, 09 ਅਗਸਤ (ਹਿੰ.ਸ.)| ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ਹਮਾਰੇ ਰਾਮ’ ਨੇ ਮੋਹਾਲੀ ਵਿਖੇ ਆਪਣੇ ਦੋ ਰੋਜ਼ਾ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਐਮਿਟੀ ਯੂਨੀਵਰਸਿਟੀ, ਮੋਹ
ਰਾਮਾਇਣ ਦੇ ਅਣਛੋਹੇ ਪਹਿਲੂਆਂ ਅਤੇ ਘੱਟ ਜਾਣੇ-ਪਛਾਣੇ ਪੱਖਾਂ ਨੂੰ ਪੇਸ਼ ਕਰਦੇ ਹੋਏ ਕਲਾਕਾਰ।


ਮੋਹਾਲੀ, 09 ਅਗਸਤ (ਹਿੰ.ਸ.)| ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ਹਮਾਰੇ ਰਾਮ’ ਨੇ ਮੋਹਾਲੀ ਵਿਖੇ ਆਪਣੇ ਦੋ ਰੋਜ਼ਾ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਹੋਈ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਦੋਵੇਂ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਰਾਮਾਇਣ ਦੇ ਅਣਛੋਹੇ ਪਹਿਲੂਆਂ ਅਤੇ ਘੱਟ ਜਾਣੇ-ਪਛਾਣੇ ਪੱਖਾਂ ਨੂੰ ਨਾਟਕੀ ਅਤੇ ਸੰਗੀਤਕ ਰੂਪ ਵਿੱਚ ਪੇਸ਼ ਕਰਦੀ ਇਸ ਵਿਸ਼ੇਸ਼ ਪੇਸ਼ਕਾਰੀ ਨੇ ਆਪਣੀ ਸ਼ਾਨਦਾਰ ਕਥਾ, ਪ੍ਰਭਾਵਸ਼ਾਲੀ ਸੰਵਾਦ, ਅਦਾਕਾਰੀ ਅਤੇ ਸੰਗੀਤ ਰਾਹੀਂ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ।

ਰਾਵਣ ਦੇ ਕਿਰਦਾਰ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਸੰਵਾਦ ਅਦਾਇਗੀ ਅਤੇ ਪ੍ਰਭਾਵਸ਼ਾਲੀ ਮੰਚ ਮੌਜੂਦਗੀ ਨੇ ਦਰਸ਼ਕਾਂ ਤੋਂ ਖੂਬ ਤਾੜੀਆਂ ਹਾਸਲ ਕੀਤੀਆਂ। ਇਸੇ ਤਰ੍ਹਾਂ ਰਾਹੁਲ ਭੁੱਚਰ ਵੱਲੋਂ ਸ਼੍ਰੀ ਰਾਮ ਦੇ ਕਿਰਦਾਰ ਦੀ ਕੀਤੀ ਗਈ ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਦੀ ਵੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ।

ਪੇਸ਼ਕਾਰੀ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਿਆਂ ਪ੍ਰਸਿੱਧ ਗਾਇਕਾਂ ਸ਼ੰਕਰ ਮਹਾਦੇਵਨ, ਸੋਨੂੰ ਨਿਗਮ ਅਤੇ ਕੈਲਾਸ਼ ਖੇਰ ਦੀਆਂ ਪਿੱਠਵਰਤੀ ਰੂਹਾਨੀ ਅਤੇ ਸੁਰੀਲੀਆਂ ਸੰਗੀਤਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮਾਪਨ ਮੌਕੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸੂਬੇ ਵਿੱਚ ‘ਹਮਾਰੇ ਰਾਮ’ ਦੇ ਉਦਘਾਟਨੀ ਪ੍ਰਦਰਸ਼ਨਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਇਸ ਸ਼ਾਨਦਾਰ ਸੱਭਿਆਚਾਰਕ ਯਾਤਰਾ ਦੀ ਸ਼ੁਰੂਆਤ ਹੋਣਾ ਜ਼ਿਲ੍ਹੇ ਲਈ ਵਿਸ਼ੇਸ਼ ਮਾਣ ਦਾ ਮੌਕਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਹਮਾਰੇ ਰਾਮ’ ਵਰਗੀਆਂ ਪੇਸ਼ਕਾਰੀਆਂ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਨਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਨਾਲ ਜੋੜਨ ਲਈ ਅਜਿਹੇ ਉਪਰਾਲੇ ਬੇਹੱਦ ਮਹੱਤਵਪੂਰਨ ਹਨ।

ਉਨ੍ਹਾਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਵੱਲੋਂ ਇਸ ਮਹੱਤਵਪੂਰਨ ਸੱਭਿਆਚਾਰਕ ਉਪਰਾਲੇ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੱਕ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਦਰਸ਼ਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਰਾਮਾਇਣ ਦੇ ਅਣਛੋਹੇ ਪੱਖਾਂ ਨੂੰ ਆਧੁਨਿਕ ਨਾਟਕੀ ਅੰਦਾਜ਼ ਵਿੱਚ ਪੇਸ਼ ਕਰਨ ਨਾਲ ਲੋਕਾਂ, ਖ਼ਾਸ ਕਰਕੇ ਨੌਜਵਾਨਾਂ, ਨੂੰ ਭਾਰਤੀ ਸੱਭਿਆਚਾਰਕ ਵਿਰਾਸਤ ਅਤੇ ਇਸ ਨਾਲ ਜੁੜੀਆਂ ਸਦੀਵੀ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ।

ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸੂਬੇ ਵਿੱਚ ਇਸ ਸੱਭਿਆਚਾਰਕ ਪਹਿਲਕਦਮੀ ਤਹਿਤ ‘ਹਮਾਰੇ ਰਾਮ’ ਦੇ ਸੂਬੇ ਵਿੱਚ ਕੁੱਲ 41 ਪ੍ਰਦਰਸ਼ਨ (ਸ਼ੋਅ) ਕਰਵਾਏ ਜਾ ਰਹੇ ਹਨ। ਇਸ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਤੱਕ ਇਸ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ਨੂੰ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਰਾਮਾਇਣ ਦੇ ਅਣਕਹੇ ਅਧਿਆਇਆਂ ਨਾਲ ਜਾਣੂ ਕਰਵਾਉਣਾ ਹੈ।

ਮੋਹਾਲੀ ਵਿਖੇ ਦੋ ਰੋਜ਼ਾ ਪ੍ਰਦਰਸ਼ਨਾਂ ਨੂੰ ਮਿਲਿਆ ਭਰਵਾਂ ਹੁੰਗਾਰਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਲੋਕ ਆਪਣੀ ਸੱਭਿਆਚਾਰਕ ਵਿਰਾਸਤ, ਸਾਹਿਤਕ ਪਰੰਪਰਾਵਾਂ ਅਤੇ ਅਰਥਪੂਰਨ ਕਲਾਤਮਕ ਪੇਸ਼ਕਾਰੀਆਂ ਵੱਲ ਡੂੰਘਾ ਝੁਕਾਅ ਰੱਖਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande