ਆਈਈਏਟੀ ਅਧਿਆਪਕ 12 ਅਗਸਤ ਤੋਂ ਮੋਹਾਲੀ ’ਚ ਲਗਾਉਣਗੇ ਪੱਕਾ ਧਰਨਾ
ਮੋਹਾਲੀ, 09 ਅਗਸਤ (ਹਿੰ.ਸ.)| ਆਈਈਏਟੀ ਅਧਿਆਪਕ ਜਥੇਬੰਦੀ ਪੰਜਾਬ ਦੀ ਸਟੇਟ ਕਮੇਟੀ ਦੀ ਆਨਲਾਈਨ ਮੀਟਿੰਗ ਦੌਰਾਨ ਲਏ ਫੈਸਲੇ ਅਨੁਸਾਰ ਆਈਈਏਟੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 12 ਅਗਸਤ 2026 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠ ਫੇਜ਼, ਮੋਹਾਲੀ ਸਥਿਤ ਦਫ਼ਤਰ ਅੱਗੇ ਪੱਕਾ ਧਰਨਾ ਲਗਾਉਣ ਦਾ ਐ
ਆਈਈਏਟੀ ਅਧਿਆਪਕ 12 ਅਗਸਤ ਤੋਂ ਮੋਹਾਲੀ ’ਚ ਲਗਾਉਣਗੇ ਪੱਕਾ ਧਰਨਾ


ਮੋਹਾਲੀ, 09 ਅਗਸਤ (ਹਿੰ.ਸ.)| ਆਈਈਏਟੀ ਅਧਿਆਪਕ ਜਥੇਬੰਦੀ ਪੰਜਾਬ ਦੀ ਸਟੇਟ ਕਮੇਟੀ ਦੀ ਆਨਲਾਈਨ ਮੀਟਿੰਗ ਦੌਰਾਨ ਲਏ ਫੈਸਲੇ ਅਨੁਸਾਰ ਆਈਈਏਟੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 12 ਅਗਸਤ 2026 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠ ਫੇਜ਼, ਮੋਹਾਲੀ ਸਥਿਤ ਦਫ਼ਤਰ ਅੱਗੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਰੋਸ ਹੈ।

ਜਥੇਬੰਦੀ ਅਨੁਸਾਰ ਪੰਜਾਬ ਦੇ ਸਮੂਹ ਰਿਸੋਰਸ ਸੈਂਟਰਾਂ ਦਾ ਬਾਈਕਾਟ ਕਰਕੇ ਆਈਈਏਟੀ ਅਧਿਆਪਕ ਪੱਕੇ ਮੋਰਚੇ ਵਿੱਚ ਸ਼ਾਮਲ ਹੋਣਗੇ।

ਅਧਿਆਪਕਾਂ ਦਾ ਦਾਅਵਾ ਹੈ ਕਿ ਉਹ ਪਿਛਲੇ ਕਰੀਬ 18 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਪਛਾਣ ਕਰਕੇ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਵੀ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਕਲਸਟਰ ਪੱਧਰ ’ਤੇ ਸਾਲ 2008-09 ਦੌਰਾਨ ਕੀਤੀ ਗਈ ਸੀ।

ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਤੋਂ ਲੰਬੇ ਸਮੇਂ ਤੱਕ ਘੱਟ ਤਨਖਾਹਾਂ ’ਤੇ ਸੇਵਾਵਾਂ ਲਈਆਂ ਗਈਆਂ, ਜਦਕਿ ਉਨ੍ਹਾਂ ਵੱਲੋਂ ਸਮੇਂ ਦੇ ਨਾਲ ਆਪਣੀਆਂ ਵਿਦਿਅਕ ਅਤੇ ਪੇਸ਼ੇਵਰ ਯੋਗਤਾਵਾਂ ਵੀ ਵਧਾਈਆਂ ਗਈਆਂ। ਜਥੇਬੰਦੀ ਦਾ ਕਹਿਣਾ ਹੈ ਕਿ 2022 ਤੋਂ ਬਾਅਦ ਬਣਾਈ ਗਈ ਨੀਤੀ ਤਹਿਤ ਕਈ ਸ਼੍ਰੇਣੀਆਂ ਦੇ ਅਧਿਆਪਕਾਂ ਨੂੰ ਰੀਜੋਇਨਿੰਗ ਆਰਡਰ ਜਾਰੀ ਕੀਤੇ ਗਏ, ਪਰ ਆਈਈਏਟੀ ਅਧਿਆਪਕਾਂ ਦੀਆਂ ਮੌਜੂਦਾ ਉੱਚ ਯੋਗਤਾਵਾਂ ਨੂੰ ਉਚਿਤ ਤੌਰ ’ਤੇ ਵਿਚਾਰ ਵਿੱਚ ਨਹੀਂ ਲਿਆਂਦਾ ਗਿਆ।

ਜਥੇਬੰਦੀ ਨੇ ਮੰਗ ਕੀਤੀ ਹੈ ਕਿ ਆਈਈਏਟੀ ਅਧਿਆਪਕਾਂ ਦੀਆਂ 28 ਜੁਲਾਈ 2023 ਦੇ ਆਰਡਰਾਂ ਤੋਂ ਪਹਿਲਾਂ ਦੀਆਂ ਯੋਗਤਾਵਾਂ ਨੂੰ ਵੀ ਵਿਚਾਰ ਵਿੱਚ ਲਿਆ ਕੇ ਉਨ੍ਹਾਂ ਨੂੰ ਗਰੁੱਪ ‘ਸੀ’ ਵਿੱਚ ਲਿਆਂਦਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦਾ ਅਧਿਆਪਕ ਵਜੋਂ ਮਾਣ-ਸਨਮਾਨ ਬਹਾਲ ਕਰਨ ਅਤੇ ਯੋਗਤਾ ਅਨੁਸਾਰ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ।

ਆਈਈਏਟੀ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਅਤੇ ਸਰਕਾਰ ਕੋਲ ਪਹੁੰਚ ਕਰਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ 12 ਅਗਸਤ ਨੂੰ ਮੋਹਾਲੀ ਵਿਖੇ ਲਗਾਇਆ ਜਾਣ ਵਾਲਾ ਪੱਕਾ ਮੋਰਚਾ ਉਨ੍ਹਾਂ ਦੇ ਹੱਕਾਂ ਦੀ ਲੜਾਈ ਦਾ ਅਗਲਾ ਪੜਾਅ ਹੋਵੇਗਾ। ਇਸ ਮੌਕੇ ਸਟੇਟ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਜ਼ਿਲ੍ਹਾ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande