ਚੰਡੀਗੜ੍ਹ ਦੇ ਜਗਨਬੀਰ ਸਿੰਘ ਬਾਜਵਾ ਨੇ ਜਾਪਾਨ ਦੀ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ’ਚ ਜਿੱਤੇ ਦੋ ਕਾਂਸੀ ਦੇ ਤਗਮੇ
ਚੰਡੀਗੜ੍ਹ, 09 ਅਗਸਤ (ਹਿੰ.ਸ.)| ਜਾਪਾਨ ਵਿੱਚ ਹੋਈ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਦੇ 20 ਸਾਲਾ ਨੌਜਵਾਨ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਕਾਂਸੀ ਤਗਮੇ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਗਨਬੀਰ ਨੇ 3.4 ਕਿਲੋਮੀਟਰ ਅਤੇ 10 ਕ
ਤਗਮਾ ਜਿੱਤਣ ਤੋਂ ਬਾਅਦ ਜਗਨਬੀਰ ਸਿੰਘ ਹੋਰ ਖਿਡਾਰੀਆਂ ਨਾਲ।


ਚੰਡੀਗੜ੍ਹ, 09 ਅਗਸਤ (ਹਿੰ.ਸ.)| ਜਾਪਾਨ ਵਿੱਚ ਹੋਈ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਦੇ 20 ਸਾਲਾ ਨੌਜਵਾਨ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਕਾਂਸੀ ਤਗਮੇ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਗਨਬੀਰ ਨੇ 3.4 ਕਿਲੋਮੀਟਰ ਅਤੇ 10 ਕਿਲੋਮੀਟਰ ਦੀਆਂ ਦੋਵੇਂ ਸਪਧਾਵਾਂ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ ਤੀਜਾ ਸਥਾਨ ਹਾਸਲ ਕੀਤਾ।ਸਖ਼ਤ ਮੁਕਾਬਲੇ ਵਿੱਚ ਵੀਅਤਨਾਮ ਦੇ ਫਾਮ ਵਾਨ ਹਾਨ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ, ਜਦਕਿ ਜਾਪਾਨ ਦੇ ਉਏਦੇ ਸ਼ਿਤੋਰਾ ਦੂਜੇ ਸਥਾਨ ’ਤੇ ਰਹੇ। ਅੰਤਰਰਾਸ਼ਟਰੀ ਪੱਧਰ ਦੇ ਤਜਰਬੇਕਾਰ ਖਿਡਾਰੀਆਂ ਵਿਚਕਾਰ ਅਤੇ ਘੱਟ ਉਮਰ ਦੇ ਬਾਵਜੂਦ ਜਗਨਬੀਰ ਨੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਂਦਿਆਂ ਦੋ ਕਾਂਸੀ ਤਮਗੇ ਆਪਣੇ ਨਾਮ ਕੀਤੇ।ਜਗਨਬੀਰ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਉਨ੍ਹਾਂ ਦੇ ਕੋਚ ਅਤੇ ਖੁਦ ਸੋਨ ਤਮਗਾ ਜੇਤੂ ਖਿਡਾਰੀ ਰਵਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਗਨਬੀਰ ਲੰਬੇ ਸਮੇਂ ਤੋਂ ਪੂਰੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅਭਿਆਸ ਕਰ ਰਹੇ ਸਨ। ਐਨੀ ਛੋਟੀ ਉਮਰ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਰਗੇ ਵੱਡੇ ਅੰਤਰਰਾਸ਼ਟਰੀ ਮੰਚ ’ਤੇ ਦੋ ਤਮਗੇ ਜਿੱਤਣਾ ਉਸ ਦੇ ਸੁਨਹਿਰੀ ਭਵਿੱਖ ਦਾ ਸੰਕੇਤ ਹੈ।ਭਾਰਤੀ ਟੀਮ ਦੇ ਕੋਚ ਅਤੇ ਕੈਨੋ ਮੈਰਾਥਨ ਇੰਡੀਆ ਦੇ ਚੇਅਰਮੈਨ ਦੀਪਕ ਕੁਮਾਰ ਸਿੰਘ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਭਾਰਤੀ ਟੀਮ ਨੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਜਗਨਬੀਰ ਦੀ ਇਸ ਸਫਲਤਾ ਵਿੱਚ ਪਰਿਵਾਰ ਦੇ ਸਹਿਯੋਗ ਅਤੇ ਖਿਡਾਰੀ ਦੀ ਸਖ਼ਤ ਮਿਹਨਤ ਨੂੰ ਅਹਿਮ ਦੱਸਿਆ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਗਨਬੀਰ ਸਿੰਘ ਬਾਜਵਾ, ਉਨ੍ਹਾਂ ਦੇ ਪਰਿਵਾਰ ਅਤੇ ਕੋਚਿੰਗ ਸਟਾਫ਼ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਨੀ ਛੋਟੀ ਉਮਰ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਤਮਗੇ ਜਿੱਤਣਾ ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਵਿੱਤ ਮੰਤਰੀ ਨੇ ਉਮੀਦ ਜਤਾਈ ਕਿ ਜਗਨਬੀਰ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਹਾਸਲ ਕਰਨਗੇ ਅਤੇ ਆਪਣੀ ਸਫਲਤਾ ਨਾਲ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣਨਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande