
ਜਲੰਧਰ, 09 ਅਗਸਤ (ਹਿੰ.ਸ.)| ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ, ਆਈਪੀਐੱਸ ਵੱਲੋਂ ਪੁਲਿਸ ਲਾਈਨ ਜਲੰਧਰ ਵਿਖੇ ਜੀਓਜ਼, ਏਸੀਪੀਜ਼, ਚੌਕੀ ਇੰਚਾਰਜਾਂ ਅਤੇ ਵੱਖ-ਵੱਖ ਪੁਲਿਸ ਯੂਨਿਟਾਂ ਦੇ ਇੰਚਾਰਜਾਂ ਨਾਲ ਉੱਚ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼ਹਿਰ ਵਿੱਚ ਅਪਰਾਧਾਂ ’ਤੇ ਕਾਬੂ, ਨਸ਼ਾ ਵਿਰੋਧੀ ਮੁਹਿੰਮ, ਟ੍ਰੈਫਿਕ ਪ੍ਰਬੰਧਨ ਅਤੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਸਬੰਧੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।ਮੀਟਿੰਗ ਵਿੱਚ ਵੱਖ-ਵੱਖ ਥਾਣਿਆਂ ਵਿੱਚ ਦਰਜ ਮਾਮਲਿਆਂ, ਲੰਬਿਤ ਜਾਂਚਾਂ, ਪੁਲਿਸ ਕੋਲ ਪ੍ਰਾਪਤ ਦਰਖਾਸਤਾਂ ਦੇ ਸਮੇਂ ਸਿਰ ਨਿਪਟਾਰੇ, ਭਗੌੜੇ ਅਤੇ ਵਾਂਟੇਡ ਮੁਲਜ਼ਮਾਂ, ਨਸ਼ਾ ਤਸਕਰੀ, ਸਾਈਬਰ ਫਰਾਡ, ਲੁੱਟ-ਖੋਹ ਅਤੇ ਚੋਰੀ ਸਮੇਤ ਹੋਰ ਅਪਰਾਧਿਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਪੁਲਿਸ ਅਧਿਕਾਰੀਆਂ ਨੂੰ ਲੰਬਿਤ ਮਾਮਲਿਆਂ ਦੀ ਜਾਂਚ ਨੂੰ ਤਰਜੀਹ ਦੇ ਆਧਾਰ ’ਤੇ ਮੁਕੰਮਲ ਕਰਨ ਅਤੇ ਕਾਨੂੰਨ ਅਨੁਸਾਰ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।ਆਜ਼ਾਦੀ ਦਿਵਸ 15 ਅਗਸਤ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਹੁਕਮ ਦਿੱਤੇ। ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਨੂੰ ਪ੍ਰਭਾਵਸ਼ਾਲੀ ਬਣਾਉਣ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਵਧਾਉਣ ਅਤੇ ਸੰਵੇਦਨਸ਼ੀਲ ਤੇ ਮਹੱਤਵਪੂਰਨ ਸਥਾਨਾਂ ’ਤੇ ਸੁਰੱਖਿਆ ਵਧਾਉਣ ਲਈ ਕਿਹਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ।ਮੀਟਿੰਗ ਦੌਰਾਨ ਐਮਰਜੈਂਸੀ ਹੈਲਪਲਾਈਨ 112 ਅਤੇ Safe Punjab ਹੈਲਪਲਾਈਨ 97791-00200 ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਬਿਨਾਂ ਦੇਰੀ ਕਾਰਵਾਈ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਲੋੜਵੰਦ ਨਾਗਰਿਕਾਂ ਤੱਕ ਸਮੇਂ ਸਿਰ ਪੁਲਿਸ ਸਹਾਇਤਾ ਪਹੁੰਚਾਈ ਜਾਵੇ, ਤਾਂ ਜੋ ਲੋਕਾਂ ਅਤੇ ਪੁਲਿਸ ਵਿਚਕਾਰ ਭਰੋਸੇ ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਪੁਲਿਸ ਕਮਿਸ਼ਨਰ ਨੇ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੀ ਕਿਹਾ। ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਸਾਵਧਾਨ ਕਰਨ ਅਤੇ ਸਾਈਬਰ ਫਰਾਡ ਦੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ’ਤੇ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਮੀਟਿੰਗ ਦੇ ਅੰਤ ਵਿੱਚ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਅਪਰਾਧਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਅਤੇ ਜਲੰਧਰ ਸ਼ਹਿਰ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਹਿੰਦੂਸਥਾਨ ਸਮਾਚਾਰ / GURSHARAN SINGH