ਅੰਮ੍ਰਿਤਸਰ ’ਚ ਕ੍ਰਿਸਟਲ ਚੌਕ ’ਚ ਨਗਰ ਨਿਗਮ ਨੇ ਨਾਜਾਇਜ਼ ਖੋਖੇ ਹਟਾਏ
ਅੰਮ੍ਰਿਤਸਰ, 09 ਅਗਸਤ (ਹਿੰ.ਸ.)| ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਅੰਮ੍ਰਿਤਸਰ (ਐੱਮ.ਸੀ.ਏ.) ਵੱਲੋਂ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਕ੍ਰਿਸਟਲ ਚੌਕ ਵਿਖੇ ਵੱਡੀ ਕਾਰਵਾਈ ਕੀਤੀ ਗਈ। ਨਗਰ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਇ
ਨਾਜਾਇਜ ਕਬਜੇ ਕੀਤੇ ਸਾਮਾਨ ਨੂੰ ਚੁੱਕਦੀ ਹੋਈ ਨਗਰ ਨਿਗਮ ਅੰਮ੍ਰਿਤਸਰ ਦੀ ਟੀਮ।


ਅੰਮ੍ਰਿਤਸਰ, 09 ਅਗਸਤ (ਹਿੰ.ਸ.)| ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਅੰਮ੍ਰਿਤਸਰ (ਐੱਮ.ਸੀ.ਏ.) ਵੱਲੋਂ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਕ੍ਰਿਸਟਲ ਚੌਕ ਵਿਖੇ ਵੱਡੀ ਕਾਰਵਾਈ ਕੀਤੀ ਗਈ। ਨਗਰ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਇੱਕ ਨਾਜਾਇਜ਼ ਖੋਖਾ ਹਟਾਉਣ ਦੇ ਨਾਲ-ਨਾਲ ਸੜਕ ਅਤੇ ਫੁੱਟਪਾਥ ’ਤੇ ਕੀਤੇ ਗਏ ਕਬਜ਼ੇ ਨੂੰ ਵੀ ਸਾਫ਼ ਕਰਵਾਇਆ। ਇਸ ਤੋਂ ਇਲਾਵਾ ਈਐੱਨਟੀ ਹਸਪਤਾਲ ਦੇ ਬਾਹਰ ਜਨਤਕ ਥਾਂ ’ਤੇ ਰੱਖਿਆ ਗਿਆ ਸਾਮਾਨ ਵੀ ਜ਼ਬਤ ਕੀਤਾ ਗਿਆ।

ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ। ਕਾਰਵਾਈ ਦੌਰਾਨ ਸਕੱਤਰ/ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਨਿਗਰਾਨੀ ਰਹੀ।

ਨਗਰ ਨਿਗਮ ਦੀ ਐਨਫੋਰਸਮੈਂਟ ਮੁਹਿੰਮ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਚਲਾਈ ਗਈ। ਟੀਮ ਨੇ ਕ੍ਰਿਸਟਲ ਚੌਕ ਅਤੇ ਇਸ ਦੇ ਆਲੇ-ਦੁਆਲੇ ਸੜਕਾਂ ਅਤੇ ਫੁੱਟਪਾਥਾਂ ਦੇ ਉਨ੍ਹਾਂ ਹਿੱਸਿਆਂ ਨੂੰ ਖਾਲੀ ਕਰਵਾਇਆ, ਜਿੱਥੇ ਗੈਰ-ਕਾਨੂੰਨੀ ਤੌਰ ’ਤੇ ਸਾਮਾਨ ਰੱਖ ਕੇ ਆਮ ਲੋਕਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਕੀਤੀ ਜਾ ਰਹੀ ਸੀ। ਜਨਤਕ ਥਾਂ ’ਤੇ ਕਬਜ਼ਾ ਕਰਕੇ ਰੱਖਿਆ ਗਿਆ ਸਾਮਾਨ ਵੀ ਮੌਕੇ ਤੋਂ ਹਟਾ ਕੇ ਨਗਰ ਨਿਗਮ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸੜਕਾਂ, ਫੁੱਟਪਾਥਾਂ ਅਤੇ ਹੋਰ ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਹਾਦਸਿਆਂ ਅਤੇ ਹੋਰ ਸੁਰੱਖਿਆ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਐਨਫੋਰਸਮੈਂਟ ਟੀਮਾਂ ਨੂੰ ਸ਼ਹਿਰ ਵਿੱਚ ਲਗਾਤਾਰ ਨਿਗਰਾਨੀ ਰੱਖਣ ਅਤੇ ਜਿੱਥੇ ਵੀ ਸੜਕਾਂ ਜਾਂ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ਾ ਮਿਲੇ, ਉੱਥੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਨਗਰ ਨਿਗਮ ਨੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਹੋਰ ਕਾਰੋਬਾਰੀ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੋਂ ਆਪਣੇ ਪੱਧਰ ’ਤੇ ਕਬਜ਼ੇ ਹਟਾ ਲੈਣ ਅਤੇ ਲੋਕਾਂ ਦੀ ਸਹੂਲਤ ਤੇ ਸੁਰੱਖਿਆ ਲਈ ਸੜਕਾਂ ਅਤੇ ਫੁੱਟਪਾਥ ਖੁੱਲ੍ਹੇ ਰੱਖਣ। ਐੱਮ.ਸੀ.ਏ. ਨੇ ਸਪੱਸ਼ਟ ਕੀਤਾ ਕਿ ਸ਼ਹਿਰ ਭਰ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਵਾਰ-ਵਾਰ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande