
ਚੰਡੀਗੜ੍ਹ, 01 ਸਤੰਬਰ (ਹਿੰ.ਸ.)| ਚੰਡੀਗੜ੍ਹ ਪੁਲਿਸ ਨੇ ਦਫ਼ਤਰਾਂ ਵਿੱਚ ਹੋਈਆਂ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੂਰਜ ਉਰਫ਼ ਲੱਡੂ (28) ਵਾਸੀ ਡਬਲ ਸਟੋਰੀ, ਸੈਕਟਰ-1, ਨਵਾਂ ਨੰਗਲ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਸੋਨੇ ਦੀ ਚੇਨ ਸਮੇਤ ਕਈ ਇਲੈਕਟ੍ਰਾਨਿਕ ਸਾਮਾਨ ਬਰਾਮਦ ਕੀਤਾ ਹੈ।ਪੁਲਿਸ ਮੁਤਾਬਕ ਮੁਲਜ਼ਮ ਨੇ ਸੈਕਟਰ-40 ਦੇ ਵੱਖ-ਵੱਖ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਸੀ। ਉਹ ਦਫ਼ਤਰਾਂ ਦੇ ਤਾਲੇ ਤੋੜ ਕੇ ਲੈਪਟਾਪ, ਆਈਪੈਡ, ਟੈਬਲੇਟ, ਮੋਬਾਈਲ ਫੋਨ, ਸੋਨੇ ਦੀ ਚੇਨ ਅਤੇ ਨਕਦੀ ਚੋਰੀ ਕਰਦਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।ਸੈਕਟਰ-40/ਸੀ ਵਿੱਚ ਟੂਰ ਐਂਡ ਟਰੈਵਲਜ਼ ਦਾ ਦਫ਼ਤਰ ਚਲਾਉਣ ਵਾਲੀ ਰਵਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 15 ਜੂਨ ਦੀ ਰਾਤ ਕਰੀਬ 8:30 ਵਜੇ ਉਹ ਦਫ਼ਤਰ ਬੰਦ ਕਰਕੇ ਘਰ ਚਲੀ ਗਈ ਸੀ। ਅਗਲੇ ਦਿਨ ਸਵੇਰੇ ਕਰੀਬ 9:30 ਵਜੇ ਨੇੜਲੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਹਿਮਾਂਸ਼ੂ ਨੇ ਉਸ ਨੂੰ ਦੱਸਿਆ ਕਿ ਦਫ਼ਤਰ ਦਾ ਤਾਲਾ ਟੁੱਟਿਆ ਹੋਇਆ ਹੈ। ਜਾਂਚ ਕਰਨ ’ਤੇ ਡੈਲ ਕੰਪਨੀ ਦਾ ਲੈਪਟਾਪ, ਇੱਕ ਮੋਬਾਈਲ, ਇੱਕ ਆਈਪੈਡ ਅਤੇ ਦੋ ਲੇਨੋਵੋ ਲੈਪਟਾਪ ਗਾਇਬ ਮਿਲੇ।ਸੈਕਟਰ-40/ਡੀ ਦੇ ਐਸਸੀਓ ਵਿੱਚ ਸਿਟੀ ਕੇਬਲ ਟੀਵੀ ਦਾ ਦਫ਼ਤਰ ਚਲਾਉਣ ਵਾਲੇ ਸੰਜੀਵ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ 11 ਜੁਲਾਈ ਦੀ ਸ਼ਾਮ ਕਰੀਬ 5:30 ਵਜੇ ਦਫ਼ਤਰ ਬੰਦ ਕੀਤਾ ਸੀ। ਅਗਲੇ ਦਿਨ ਦੁਪਹਿਰ ਕਰੀਬ 12:30 ਵਜੇ ਜਦੋਂ ਉਹ ਦਫ਼ਤਰ ਪਹੁੰਚੇ ਤਾਂ ਤਾਲੇ ਟੁੱਟੇ ਹੋਏ ਸਨ। ਜਾਂਚ ਕਰਨ ’ਤੇ ਦਫ਼ਤਰ ਵਿੱਚੋਂ ਨਕਦੀ ਅਤੇ ਇਲੈਕਟ੍ਰਾਨਿਕ ਸਾਮਾਨ ਚੋਰੀ ਹੋਣ ਦਾ ਪਤਾ ਲੱਗਾ।ਸੈਕਟਰ-40/ਸੀ ਸਥਿਤ ਗੋਲਡਨ ਹਿਲਜ਼ ਇਮੀਗ੍ਰੇਸ਼ਨ ਦਫ਼ਤਰ ਵਿੱਚ ਵੀ ਚੋਰੀ ਦੀ ਵਾਰਦਾਤ ਹੋਈ ਸੀ। ਦਫ਼ਤਰ ਦੀ ਸਫ਼ਾਈ ਕਰਨ ਵਾਲੀ ਮਹਿਲਾ ਨੇ ਸੰਚਾਲਕ ਮਨਦੀਪ ਨੂੰ ਦੱਸਿਆ ਕਿ ਦਫ਼ਤਰ ਦਾ ਤਾਲਾ ਟੁੱਟਿਆ ਹੋਇਆ ਹੈ। ਜਾਂਚ ਦੌਰਾਨ ਚਾਰ ਮੋਬਾਈਲ ਫੋਨ ਚੋਰੀ ਹੋਣ ਦਾ ਪਤਾ ਲੱਗਾ। ਇਨ੍ਹਾਂ ਵਿੱਚ ਇੱਕ ਓਪੋ ਅਤੇ ਤਿੰਨ ਸੈਮਸੰਗ ਮੋਬਾਈਲ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਮਯੰਕ ਦਾ ਵੀਵੋ ਵਾਈ-22 ਮੋਬਾਈਲ ਅਤੇ ਇੱਕ ਟੈਬਲੇਟ ਵੀ ਚੋਰੀ ਹੋਇਆ ਸੀ।ਪੁਲਿਸ ਨੇ ਸੂਰਜ ਉਰਫ਼ ਲੱਡੂ ਦੇ ਕਬਜ਼ੇ ਵਿੱਚੋਂ 8 ਗ੍ਰਾਮ ਦੀ ਸੋਨੇ ਦੀ ਚੇਨ, ਡੈਲ ਦੇ ਦੋ ਲੈਪਟਾਪ, ਇੱਕ ਲੇਨੋਵੋ ਲੈਪਟਾਪ, ਐਪਲ ਦਾ ਆਈਪੈਡ, ਵਨਪਲੱਸ ਦਾ ਟੈਬਲੇਟ, ਸੈਮਸੰਗ ਦਾ ਟੈਬਲੇਟ ਅਤੇ ਵੀਵੋ ਤੇ ਸੈਮਸੰਗ ਦੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ।ਪੁਲਿਸ ਅਨੁਸਾਰ ਸੂਰਜ ਉਰਫ਼ ਲੱਡੂ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਦੋ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਥਾਣਾ ਸੈਕਟਰ-39 ਅਤੇ ਦੂਜਾ ਥਾਣਾ ਸੈਕਟਰ-17 ਵਿੱਚ ਦਰਜ ਹੈ। ਪੁਲਿਸ ਹੁਣ ਉਸ ਦੇ ਪੁਰਾਣੇ ਮਾਮਲਿਆਂ ਤੋਂ ਇਲਾਵਾ ਹੋਰ ਚੋਰੀ ਦੀਆਂ ਵਾਰਦਾਤਾਂ ਵਿੱਚ ਉਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮ 28 ਸਾਲ ਦਾ ਹੈ ਅਤੇ ਅਣਵਿਆਹਿਆ ਹੈ। ਉਸ ਨੇ ਪੰਜਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH