
ਜਲੰਧਰ, 01 ਸਤੰਬਰ (ਹਿੰ.ਸ.)| ਭਾਜਪਾ ਪੰਜਾਬ ਇੰਚਾਰਜ, ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਪੂਨੀਆ ਮੰਗਲਵਾਰ, 1 ਸਤੰਬਰ ਨੂੰ ਜਲੰਧਰ ਦੇ ਦੌਰੇ ’ਤੇ ਰਹਿਣਗੇ। ਆਪਣੇ ਦੌਰੇ ਦੌਰਾਨ ਉਹ ਪਾਰਟੀ ਦੇ ਸੰਗਠਨਾਤਮਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਨਗੇ।
ਸਤੀਸ਼ ਪੂਨੀਆ ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ ਤਹਿਤ ਕਰਵਾਈ ਜਾ ਰਹੀ ਵਰਕਸ਼ਾਪ ਵਿੱਚ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਹ ਸੂਬਾ ਅਹੁਦੇਦਾਰਾਂ, ਜ਼ੋਨਲ ਇੰਚਾਰਜਾਂ, ਜ਼ਿਲ੍ਹਾ ਇੰਚਾਰਜਾਂ, ਸਹਿ-ਇੰਚਾਰਜਾਂ ਅਤੇ ਵੱਖ-ਵੱਖ ਸੰਗਠਨਾਤਮਕ ਇਕਾਈਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ।
ਦੌਰੇ ਦੌਰਾਨ ਪੰਜਾਬ ਵਿੱਚ ਭਾਜਪਾ ਦੀਆਂ ਸੰਗਠਨਾਤਮਕ ਗਤੀਵਿਧੀਆਂ ਅਤੇ ਮੌਜੂਦਾ ਸਿਆਸੀ ਹਾਲਾਤ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਦਾ ਪਹਿਲਾ ਸੈਸ਼ਨ ਲਾਇਨਜ਼ ਕਲੱਬ ਵਿਖੇ ਹੋਵੇਗਾ, ਜਦਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਪੂਨੀਆ ਰੈਡੀਸਨ ਹੋਟਲ ਵਿਖੇ ਸੂਬਾ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ।
ਸਤੀਸ਼ ਪੂਨੀਆ ਦੇ ਜਲੰਧਰ ਦੌਰੇ ਦੀਆਂ ਤਿਆਰੀਆਂ ਸਬੰਧੀ ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਸੋਮਵਾਰ ਨੂੰ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਸਤੀਸ਼ ਪੂਨੀਆ ਦਾ ਜਲੰਧਰ ਦੌਰਾ ਪੰਜਾਬ ਵਿੱਚ ਪਾਰਟੀ ਵਰਕਰਾਂ ਵਿੱਚ ਨਵੀਂ ਊਰਜਾ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਪੂਨੀਆ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ, ਭਵਿੱਖ ਦੇ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਦੇਣਗੇ।
ਉਨ੍ਹਾਂ ਕਿਹਾ ਕਿ ਪੂਨੀਆ ਆਪਣੇ ਪੂਰੇ ਦਿਨ ਦੇ ਦੌਰੇ ਦੌਰਾਨ ਵੱਖ-ਵੱਖ ਸੰਗਠਨਾਤਮਕ ਮੀਟਿੰਗਾਂ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਭਵਿੱਖ ਦੇ ਸਿਆਸੀ ਅਤੇ ਸੰਗਠਨਾਤਮਕ ਟੀਚਿਆਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਹਿੰਦੂਸਥਾਨ ਸਮਾਚਾਰ / GURSHARAN SINGH