ਪੰਜਾਬੀ ਯੂਨੀਵਰਸਿਟੀ ’ਚ ਫੀਸ ਵਾਧਾ ਵਾਪਸ, ਵਿਦਿਆਰਥੀ ਮੋਰਚੇ ਨੇ ਐਲਾਨੀ ਜਿੱਤ
ਪਟਿਆਲਾ, 01 ਸਤੰਬਰ (ਹਿੰ.ਸ.)| ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ 20 ਦਿਨਾਂ ਤੋਂ ਫੀਸ ਵਾਧੇ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਲਗਾਏ ਗਏ ਦਿਨ-ਰਾਤ ਦੇ ਪੱਕੇ ਮੋਰਚੇ ਨੂੰ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਫੀਸ ਵਾਧੇ ਵਿਰੋਧੀ ਫਰੰਟ ਦੇ ਆਗੂਆ
ਵਿਦਿਆਰਥੀ ਜਥੇਬੰਦੀਆਂ ਨਾਲ ਮੀਟਿੰਗ ਕਰਦੇ ਹੋਏ ਯੂਨੀਵਰਸਿਟੀ ਦੇ ਪ੍ਰਬੰਧਕ ਤੇ ਸਿਹਤ ਮੰਤਰੀ ਬਲਵੀਰ ਸਿੰਘ।


ਪਟਿਆਲਾ, 01 ਸਤੰਬਰ (ਹਿੰ.ਸ.)| ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ 20 ਦਿਨਾਂ ਤੋਂ ਫੀਸ ਵਾਧੇ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਲਗਾਏ ਗਏ ਦਿਨ-ਰਾਤ ਦੇ ਪੱਕੇ ਮੋਰਚੇ ਨੂੰ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਫੀਸ ਵਾਧੇ ਵਿਰੋਧੀ ਫਰੰਟ ਦੇ ਆਗੂਆਂ ਵਿਚਕਾਰ ਹੋਈ ਲੰਬੀ ਮੀਟਿੰਗ ਤੋਂ ਬਾਅਦ ਫੀਸਾਂ ਵਿੱਚ ਕੀਤਾ ਗਿਆ ਕੁੱਲ ਵਾਧਾ ਵਾਪਸ ਲੈਣ ’ਤੇ ਸਹਿਮਤੀ ਬਣੀ ਹੈ।

ਮੀਟਿੰਗ ਵਿੱਚ ਵਾਈਸ ਚਾਂਸਲਰ, ਡੀਨ ਅਕਾਦਮਿਕ, ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਵਿਦਿਆਰਥੀ ਜਥੇਬੰਦੀਆਂ ਮੁਤਾਬਕ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਵਧੀਆਂ ਹੋਈਆਂ ਫੀਸਾਂ ਪਹਿਲਾਂ ਹੀ ਜਮ੍ਹਾਂ ਕਰਵਾਈਆਂ ਜਾ ਚੁੱਕੀਆਂ ਹਨ, ਉਨ੍ਹਾਂ ਦੀ ਰਕਮ ਅਗਲੇ ਸਮੈਸਟਰ ਦੀ ਫੀਸ ਵਿੱਚ ਐਡਜਸਟ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਹੋਸਟਲਾਂ ਦੀ ਮੁਰੰਮਤ ਲਈ 2 ਕਰੋੜ 87 ਲੱਖ ਰੁਪਏ ਦੀ ਗਰਾਂਟ ਪਾਸ ਕੀਤੇ ਜਾਣ ਦੀ ਗੱਲ ਕਹੀ ਗਈ। ਚਾਰ ਨਵੇਂ ਹੋਸਟਲ ਬਣਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਕੰਮ ਨਵੰਬਰ ਮਹੀਨੇ ਵਿੱਚ ਸ਼ੁਰੂ ਹੋਣ ਦੀ ਗੱਲ ਆਖੀ ਗਈ। ਵਿਦਿਆਰਥੀਆਂ ਦੀਆਂ 24 ਨਵੇਂ ਵਾਟਰ ਕੂਲਰ ਲਗਾਉਣ ਅਤੇ ਗੋਲ ਮਾਰਕੀਟ ਤੇ ਭਗਵਾਨ ਦਾਸ ਕੰਟੀਨ ਦੇ ਪਿਛਲੇ ਪਾਰਕ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਵੀ ਮੰਨਣ ਦਾ ਭਰੋਸਾ ਦਿੱਤਾ ਗਿਆ।

ਵਿਦਿਆਰਥੀਆਂ ਅਨੁਸਾਰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਯੂਨੀਵਰਸਿਟੀ ਦੇ 150 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰਵਾਉਣ ਸਬੰਧੀ ਵੀ ਗੱਲ ਰੱਖੀ। ਪ੍ਰਸ਼ਾਸਨ ਵੱਲੋਂ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਵਿਦਿਆਰਥੀਆਂ ਦੇ ਵਿਚਕਾਰ ਪਹੁੰਚ ਕੇ ਲਿਖਤੀ ਮੰਗਾਂ ’ਤੇ ਬਣੀ ਸਹਿਮਤੀ ਦਾ ਪੱਤਰ ਮੋਰਚੇ ਨੂੰ ਸੌਂਪਿਆ ਗਿਆ। ਇਸ ਮੌਕੇ ਫੀਸ ਵਾਧੇ ਵਿਰੋਧੀ ਫਰੰਟ, ਜਿਸ ਵਿੱਚ ਪੀ.ਐੱਸ.ਯੂ., ਪੀ.ਆਰ.ਐੱਸ.ਯੂ., ਐੱਸ.ਐੱਫ.ਆਈ., ਏ.ਆਈ.ਐੱਸ.ਐੱਫ., ਪੀ.ਐੱਸ.ਐੱਫ., ਪੀ.ਐੱਸ.ਯੂ. (ਲ), ਅਗਰਗਾਮੀ, ਡੀ.ਐੱਸ.ਓ. ਅਤੇ ਏ.ਆਈ.ਡੀ.ਐੱਸ.ਓ. ਸਮੇਤ ਜਥੇਬੰਦੀਆਂ ਸ਼ਾਮਲ ਹਨ, ਦੇ ਆਗੂਆਂ ਨੇ ਮੋਰਚੇ ਦੀ ਜਿੱਤ ਦਾ ਐਲਾਨ ਕੀਤਾ।

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਫੀਸ ਵਾਧੇ ਖ਼ਿਲਾਫ਼ ਨਹੀਂ, ਸਗੋਂ ਸਿੱਖਿਆ ਦੇ ਨਿੱਜੀਕਰਨ ਖ਼ਿਲਾਫ਼ ਵੀ ਲੜਾਈ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਵਾਉਣ ਲਈ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦਾ ਸਾਂਝਾ ਮੰਚ ਤਿਆਰ ਕਰਕੇ ਅੱਗੇ ਵੀ ਸੰਘਰਸ਼ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande