
ਬਟਾਲਾ, 01 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ 10 ਦਿਨਾਂ ਦੀ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਬਟਾਲਾ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ।
ਹਲਕਾ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਖੁਦ ਇਸ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ ਵੀ ਮੌਜੂਦ ਰਹੇ।
ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਟੀਮਾਂ ਵੱਲੋਂ ਸੜਕਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਸਫ਼ਾਈ ਕੀਤੀ ਗਈ। ਇਕੱਠੇ ਹੋਏ ਕੂੜੇ ਨੂੰ ਹਟਾਉਣ ਦੇ ਨਾਲ-ਨਾਲ ਗਾਰਬੇਜ ਵਲਨਰੇਬਲ ਪੁਆਇੰਟਸ ਅਤੇ ਬਲੈਕ ਸਪਾਟਸ ਦੀ ਵੀ ਵਿਸ਼ੇਸ਼ ਤੌਰ ’ਤੇ ਸਫ਼ਾਈ ਕਰਵਾਈ ਗਈ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਮੁੱਖ ਉਦੇਸ਼ ਨਗਰ ਨਿਗਮ ਬਟਾਲਾ ਦੇ ਖੇਤਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪਛਾਣੇ ਗਏ ਸਾਰੇ ਸੰਵੇਦਨਸ਼ੀਲ ਸਥਾਨਾਂ ਦੀ ਪੂਰੀ ਤਰ੍ਹਾਂ ਸਫ਼ਾਈ ਯਕੀਨੀ ਬਣਾਈ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਮੁੜ ਕੂੜਾ ਇਕੱਠਾ ਨਾ ਹੋਵੇ, ਇਸ ਲਈ ਨਿਰੰਤਰ ਨਿਗਰਾਨੀ ਕੀਤੀ ਜਾਵੇ।
ਵਿਧਾਇਕ ਨੇ ਦੱਸਿਆ ਕਿ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੀ ਮੈਨਪਾਵਰ, ਮਸ਼ੀਨਰੀ ਅਤੇ ਵਾਹਨ ਤਾਇਨਾਤ ਕੀਤੇ ਗਏ ਹਨ।
ਸ਼ੈਰੀ ਕਲਸੀ ਨੇ ਸਫ਼ਾਈ ਸੇਵਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਟੀਮਾਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੂੜਾ ਸਿਰਫ਼ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਿਆ ਜਾਵੇ ਅਤੇ ਜਨਤਕ ਥਾਵਾਂ ਨੂੰ ਗੰਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬਟਾਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH